ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਸ਼ੱਕੀ ਆਮਦ ਤੇ ਖਰੀਦ ਨੇ ‘ਘੁਟਾਲੇ’ ਦੀਆਂ ਪਰਤਾਂ ਖੋਲ੍ਹੀਆਂ

07:43 AM Nov 22, 2023 IST

ਦਵਿੰਦਰ ਪਾਲ
ਚੰਡੀਗੜ੍ਹ, 21 ਨਵੰਬਰ
ਪੰਜਾਬ ਦੀਆਂ ਮੰਡੀਆਂ ਵਿੱਚ ਦੀਵਾਲੀ ਵਾਲੇ ਦਿਨਾਂ ਦੌਰਾਨ ਝੋਨੇ ਦੀ ਆਮਦ ਤੇ ਖਰੀਦ ਵਿਚ ਅਚਨਚੇਤ ਵਾਧੇ ਨੇ ਪਿਛਲੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਇਸ ਘੁਟਾਲੇ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਸ ਮਾਮਲੇ ਵਿੱਚ ਖੁਰਾਕ ਤੇ ਸਪਲਾਈ ਵਿਭਾਗ, ਖਰੀਦ ਏਜੰਸੀਆਂ, ਮਾਰਕੀਟ ਕਮੇਟੀਆਂ, ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਸਮੇਤ ਹੋਰਨਾਂ ਕਈਆਂ ’ਤੇ ਸ਼ੱਕ ਦੀ ਉਂਗਲ ਘੁੰਮ ਰਹੀ ਹੈ। ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਫਸਲ ਬਾਹਰਲੇ ਸੂਬਿਆਂ ਤੋਂ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਦੀ ਮੁਢਲੀ ਰਿਪੋਰਟ ਵਿਚ ਸੂਬੇ ਦੀਆਂ ਤਿੰਨ ਦਰਜਨ ਦੇ ਕਰੀਬ ਮੰਡੀਆਂ ਵਿੱਚ ਦੀਵਾਲੀ ਵਾਲੇ ਦਿਨਾਂ ਦੌਰਾਨ ਝੋਨੇ ਦੀ ਆਮਦ ਅਤੇ ਖਰੀਦ ਬਾਰੇ ਪੇਸ਼ ਤੱਥ ਹੈਰਾਨੀਜਨਕ ਹਨ। ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਵਿਜੀਲੈਂਸ ਬਿਊਰੋ ਦੀ ਮੁੱਢਲੀ ਤਫ਼ਤੀਸ਼ ’ਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਸਰਕਾਰ ਦੀ ਪ੍ਰਵਾਨਗੀ ਮਗਰੋਂ ਇਸ ਮਾਮਲੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਵਿਜੀਲੈਂਸ ਦੇ ਮੁਖੀ ਵਰਿੰਦਰ ਕੁਮਾਰ ਨੂੰ ਦੀਵਾਲੀ ਤੋਂ ਅਗਲੇ ਹੀ ਦਿਨ ਇੱਕ ਪੱਤਰ ਲਿਖ ਕੇ ਦੀਵਾਲੀ ਵਾਲੇ ਦਿਨਾਂ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਅਣਕਿਆਸੀ ਆਮਦ ਦੀ ਜਾਂਚ ਕਰਨ ਲਈ ਕਿਹਾ ਸੀ। ਪ੍ਰਮੁੱਖ ਸਕੱਤਰ ਨੇ ਪੱਤਰ ਵਿਚ ਇਕੋ ਦਿਨ 4.7 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦਾ ਜ਼ਿਕਰ ਕੀਤਾ ਸੀ। ਉਪਰੰਤ ਵਿਜੀਲੈਂਸ ਨੇ ਅਨਾਜ ਮੰਡੀਆਂ ਵਿੱਚ ਟੀਮਾਂ ਭੇਜ ਕੇ ‘ਫਿਜ਼ੀਕਲ ਵੈਰੀਫਿਕੇਸ਼ਨ’ ਕਰਵਾਈ। ਵਿਜੀਲੈਂਸ ਵਿਚਲੇ ਸੂਤਰਾਂ ਮੁਤਾਬਕ ਜ਼ਿਆਦਾਤਰ ਮੰਡੀਆਂ ਵਿੱਚ ਗੜਬੜੀਆਂ ਸਾਹਮਣੇ ਆਈਆਂ ਹਨ।
ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਪੰਜਾਬ ਦੀਆਂ ਜਿਨ੍ਹਾਂ ਮੰਡੀਆਂ ਵਿੱਚ ਆਮ ਤੌਰ ’ਤੇ ਕਾਂਗਰਸ ਜਾਂ ਅਕਾਲੀ ਦਲ ਦੀ ਹਕੂਮਤ ਦੌਰਾਨ ਝੋਨੇ ਦੀ ਆਮਦ ਦੇ ਸ਼ੱਕੀ ਅੰਕੜੇ ਸਾਹਮਣੇ ਆਉਂਦੇ ਰਹੇ ਹਨ, ਉਨ੍ਹਾਂ ਮੰਡੀਆਂ ਵਿੱਚ ਪੁਰਾਣੀ ਰਵਾਇਤ ਦੁਹਰਾਈ ਗਈ ਹੈ। ਮਿਸਾਲ ਵਜੋਂ ਦਾਖਾ ਅਤੇ ਜਗਰਾਉਂ ਖੇਤਰਾਂ ’ਚ ਪੈਂਦੀਆਂ ਦਿਹਾਤੀ ਮੰਡੀਆਂ ਵਿੱਚ ਐਤਕੀਂ ਝੋਨੇ ਦੀ ਆਮਦ ਨੇ ਅੱਖਾਂ ਖੋਲ੍ਹ ਦਿੱਤੀਆਂ ਹਨ। ਵਿਜੀਲੈਂਸ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਪੈਂਦੇ ਪਿੰਡ ਲੋਧੀਵਾਲ ਵਿੱਚ 14 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਔਸਤਨ 300 ਬੋਰੀ ਪ੍ਰਤੀ ਦਿਨ ਵਿਕਣ ਲਈ ਆਉਂਦੀ ਸੀ ਪਰ 11 ਨਵੰਬਰ ਨੂੰ ਇੱਕੋ ਦਿਨ ਵਿੱਚ 1 ਲੱਖ 18 ਹਜ਼ਾਰ 983 ਬੋਰੀਆਂ ਦੀ ਖਰੀਦ ਕੀਤੀ ਗਈ। ਇਸੇ ਤਰ੍ਹਾਂ ਝੋਰੜਾਂ ਦੀ ਮੰਡੀ ਵਿੱਚ 1600 ਬੋਰੀ ਦੀ ਆਮਦ ਬਾਰੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ।
ਸੰਗਰੂਰ ਜ਼ਿਲ੍ਹੇ ਦੇ ਲਹਿਰਾ ਵਿਧਾਨ ਸਭਾ ਹਲਕੇ ਦੀਆਂ ਦੋ ਮੰਡੀਆਂ ਮੂਨਕ ਅਤੇ ਲਹਿਰਾ ਵਿੱਚ ਵੀ ਵਿਜੀਲੈਂਸ ਆਮਦ ਬਾਰੇ ਅੰਕੜਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਦੋਵਾਂ ਮੰਡੀਆਂ ਵਿੱਚ 3 ਹਜ਼ਾਰ ਬੋਰੀ ਦੇ ਕਰੀਬ ਮਾਰਕੀਟ ਕਮੇਟੀ ਦੇ ਰਿਕਾਰਡ ਵਿੱਚ ਦਿਖਾਈ ਗਈ ਹੈ। ਇਨ੍ਹਾਂ ਮੰਡੀਆਂ ਦੀਆਂ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀਆਂ ਦੇ ਅੰਕੜੇ ਅਤੇ ਰਿਕਾਰਡ ਵੀ ਮੇਲੇ ਜਾ ਰਹੇ ਹਨ। ਪਟਿਆਲਾ ਜ਼ਿਲ੍ਹੇ ਦੀਆਂ ਧਗੇੜਾ ਅਤੇ ਅਗੋਲ ਮੰਡੀਆਂ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੀ ਅਹਿਮਦਗੜ੍ਹ ਮੰਡੀ ਦੀਆਂ ਖਰੀਦ ਏਜੰਸੀਆਂ ਤੇ ਮਾਰਕੀਟ ਕਮੇਟੀਆਂ ਦੇ ਅੰਕੜਿਆਂ ਦੀ ਵੀ ਜਾਂਚ ਹੋ ਰਹੀ ਹੈ।

Advertisement

Advertisement