ਝੂਠ ਨੀਂ ਮਾਏ ਝੂਠ...
ਰੁਪਿੰਦਰ ਕੌਰ
ਮਾਂ ਦਿੱਲੀ ਵਿਖੇ ਬਾਲਕੋਨੀ ਵਿਚ ਬੈਠੀ ਆਸਮਾਨ ‘ਚ ਉੱਡਦੇ ਹਵਾਈ ਜਹਾਜ਼ ਨੂੰ ਤੱਕਦਿਆਂ ਬੋਲੀ, ”ਧੀਏ! ਮੈਂ ਸੁਣਿਐ ਹੁਣ ਤਾਂ ਕੁੜੀਆਂ ਵੀ ਜਹਾਜ਼ ਚਲਾਉਣ ਲੱਗ ਪਈਆਂ।” ”ਹਾਂ ਮਾਂ, ਤੁਸੀਂ ਸੱਚ ਈ ਸੁਣਿਐ, ਕੁੜੀਆਂ ਬਹੁਤ ਕੁਝ ਕਰਦੀਆਂ ਨੇ; ਉਹ ਹੈਲੀਕਾਪਟਰ ਉਡਾ ਕੇ ਬਰਫ਼ੀਲੀਆਂ ਉੱਚੀਆਂ ਚੋਟੀਆਂ ਪਾਰ ਕਰ ਕੇ ਸਰਹੱਦਾਂ ਦੀ ਰਾਖੀ ਕਰਦੇ ਵੀਰ ਜਵਾਨਾਂ ਲਈ ਰਾਸ਼ਨ ਵੀ ਪਹੁੰਚਾਉਂਦੀਆਂ ਨੇ, ਜਦੋਂ ਉਹ ਕਿਸੇ ਮੁਸੀਬਤ ਵਿਚ ਘਿਰ ਜਾਂਦੇ ਨੇ ਤਾਂ ਉੱਥੋਂ ਕੱਢਣ ਦਾ ਕੰਮ ਵੀ ਬੜੀ ਬਹਾਦਰੀ ਨਾਲ ਕਰਦੀਆਂ ਨੇ।
ਮਾਂ ਉਹ ਬੰਕਰਾਂ ‘ਚੋਂ ਲੜਦੇ ਨੌਜਵਾਨ ਵੀਰਾਂ ਦੀ ਸੁੱਖਸਾਂਦ ਉਨ੍ਹਾਂ ਦੇ ਘਰਾਂ ਤੱਕ ਪਹੁੰਚਉਣ ਦਾ ਕੰਮ ਵੀ ਬਹਾਦਰੀ ਨਾਲ ਨੇਪਰੇ ਚੜ੍ਹਾਉਂਦੀਆਂ ਨੇ। ਉਹ ਆਈਏਐੱਸ, ਆਈਐੱਫਐੱਸ, ਆਈਪੀਐੱਸ ਤੇ ਹੋਰ ਬਹੁਤ ਕੁਝ ਬਣੀਆਂ, ਪਰ ਇਕ ਗੱਲ ਦੱਸੋ ਮਾਂ, ਇਹ ਸਭ ਕੁਝ ਹਾਸਲ ਕਰਨ ਨਾਲ ਔਰਤ ਦੀ ਹੋਣੀ ਵਿਚ ਕੋਈ ਫ਼ਰਕ ਆਇਆ? ਇੰਨਾ ਕੁਝ ਕਰਕੇ ਵੀ ਉਹ ਮਰਦ ਦੇ ਸਾਹਮਣੇ ਕਿਉਂ ਹਾਰ ਜਾਂਦੀ ਹੈ?”
ਮਾਂ ਨੇ ਉੱਚਾ ਹਉਕਾ ਭਰਦਿਆਂ ਹੌਲੀ ਹੌਲੀ ਗੁਣਗੁਣਾਉਣਾ ਸ਼ੁਰੂ ਕੀਤਾ:
ਕਣਕਾਂ ਲੰਮੀਆਂ ਨੀਂ ਮਾਏ, ਧੀਆਂ ਕਿਉਂ ਜੰਮੀਆਂ ਨੀਂ ਮਾਏ
ਫਿਰ ਉਹ ਲੰਬਾ ਸਾਹ ਲੈ ਕੇ ਕਹਿਣ ਲੱਗੇ, ”ਮੈਂ ਤਾਂ ਵਿਆਹ ਤੋਂ ਪਹਿਲਾਂ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਫਿਰੋਜ਼ਪੁਰ ਸ਼ਹਿਰ ਵੀ ਨਹੀਂ ਵੇਖਿਆ ਸੀ, ਪਰ ਤੂੰ ਕਿੰਨੀ ਕਿਸਮਤ ਵਾਲੀ ਏ, ਦਿੱਲੀ ਤੱਕ ਪੜ੍ਹਾਈ ਕਰਨ ਆ ਗਈ ਤੇ ਮੈਨੂੰ ਵੀ ਦਿੱਲੀ ਦੀ ਸੈਰ ਕਰਵਾ ਦਿੱਤੀ।”
ਮੈਂ ਕਿਹਾ, ”ਮਾਂ! ਇਹ ਸਭ ਕੁਝ ਸਾਡੀਆਂ ਸਵਿੱਤਰੀ ਬਾਈ ਫੂਲੇ ਵਰਗੀਆਂ ਮਾਵਾਂ ਦੇ ਸੁਪਨਿਆਂ ਅਤੇ ਅਣਥੱਕ ਮਿਹਨਤ ਤੇ ਘੋਲਾਂ ਦਾ ਨਤੀਜਾ ਹੈ ਜੋ ਅੱਜ ਸਾਡੇ ਹੱਥਾਂ ਵਿੱਚ ਕਿਤਾਬਾਂ ਆਈਆਂ ਹਨ। ਔਰਤ ਨੇ ਮਾਨਵਤਾ ਨੂੰ ਬਚਾਉਣ ਲਈ ਲੜੇ ਗਏ ਹਰ ਘੋਲ ਵਿਚ ਹਿੱਸਾ ਪਾਇਆ। ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਜ਼ਾਦ ਫਿਜ਼ਾ ‘ਚ ਸਾਹ ਲੈਂਦਿਆਂ ਦੇਖਣ ਲਈ ਆਪਣੇ ਪੁੱਤਾਂ ਨੂੰ ਲੱਕ ਨਾਲ ਬੰਨ੍ਹ ਕੇ ਜਾਨ ‘ਤੇ ਖੇਡ ਗਈਆਂ। ਉਹ ਲੋਕਾਂ ਦੇ ਤਾਅਨੇ ਮਿਹਣੇ ਸੁਣਨ ਦੇ ਬਾਵਜੂਦ ਆਪਣੇ ਮਕਸਦ ਤੋਂ ਨਹੀਂ ਡੋਲੀਆਂ। ਕੀ ਦੁਰਗਾ ਭਾਬੀ ਲਈ ਦੇਸ਼ਭਗਤ ਹੋਣ ਦਾ ਮੁਕਾਮ ਹਾਸਲ ਕਰਨਾ ਕੋਈ ਸੌਖਾ ਕੰਮ ਸੀ। ਉਹ ਗ਼ਦਰੀ ਬਾਬਿਆਂ ਦੇ ਸਫ਼ਰ ਵਿਚ ਵੀ ਹਮਸਫ਼ਰ ਬਣੀਆਂ।”
ਇਹ ਸਭ ਸੁਣ ਕੇ ਮਾਂ ਦੇ ਚਿਹਰੇ ‘ਤੇ ਥੋੜ੍ਹੀ ਰੌਣਕ ਆਈ। ਉਨ੍ਹਾਂ ਨੇ ਗੱਲਬਾਤ ਵਧਾਉਣ ਲਈ ਫਿਰ ਕਿਹਾ, ”ਪੁੱਤ! ਸੁਣਿਆ ਔਰਤਾਂ ਦੇ ਹੱਕ ਵਿਚ ਬਹੁਤ ਕਾਨੂੰਨ ਬਣ ਗਏ। ਤੇਰਾ ਪਿਉ ਤਾਂ ਰੋਜ਼ ਮਿਹਣੇ ਦਿੰਦਾ, ਇੰਦਰਾ ਗਾਂਧੀ ਨੇ ਔਰਤਾਂ ਨੂੰ ਚੜ੍ਹਾ ਰੱਖਿਆ। ਇਹ ਹੁਣ ਕਿਸੇ ਦੀ ਗੱਲ ਨਹੀਂ ਸੁਣਦੀਆਂ।”
”ਮਾਂ! ਉਹ ਠੀਕ ਹੀ ਕਹਿ ਰਹੇ ਹਨ। ਔਰਤਾਂ ਨੂੰ ਸੰਵਿਧਾਨ ਨੇ ਮਰਦ ਦੇ ਬਰਾਬਰ ਅਧਿਕਾਰ ਦਿੱਤੇ। ਚਾਹੇ ਉਹ ਜ਼ਮੀਨ ਜਾਇਦਾਦ ਹੋਵੇ ਜਾਂ ਫਿਰ ਪੜ੍ਹਾਈ-ਲਿਖਾਈ, ਨੌਕਰੀ, ਸਿਹਤ ਸੇਵਾਵਾਂ ਜਾਂ ਰਾਜਨੀਤੀ ਵਿਚ ਹਿੱਸੇਦਾਰੀ। ਲੜਕੀਆਂ ਦਾ ਛੋਟੀ ਉਮਰੇ ਵਿਆਹ ਕਰਨਾ, ਦਾਜ ਦੀ ਮੰਗ ਕਰਨਾ, ਸਤੀ ਪ੍ਰਥਾ, ਇਹ ਸਭ ਕਾਨੂੰਨੀ ਅਪਰਾਧ ਹਨ। …ਪਰ ਮੇਰੀਏ ਭੋਲੀਏ ਮਾਏ, ਕੀ ਬਹੁਤੀਆਂ ਔਰਤਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਜਾਣਕਾਰੀ ਹੈ? ਦੁਨੀਆ ਵਿੱਚ ਕਾਨੂੰਨ ਵਾਹ ਵਾਹ ਖੱਟਣ ਲਈ ਬਣਦੇ ਹਨ। ਸੱਚ ਤਾਂ ਇਹ ਹੈ ਕਿ ਬਹੁਤ ਸਖ਼ਤ ਕਾਨੂੰਨਾਂ ਦੇ ਬਾਵਜੂਦ ਨਾਬਾਲਗ ਕੁੜੀਆਂ ਦੇ ਵਿਆਹ ਹੁੰਦੇ ਹਨ। ਦਾਜ ਲਈ ਉਨ੍ਹਾਂ ਨੂੰ ਜ਼ਿੰਦਾ ਜਲਾਇਆ ਜਾਂਦਾ ਹੈ। ਉਨ੍ਹਾਂ ਨਾਲ ਜਬਰ ਜਨਾਹ ਹੁੰਦਾ ਹੈ। ਰਾਤੋ ਰਾਤ ਸਰੀਰਾਂ ਦੇ ਟੁਕੜੇ ਮਾਪਿਆਂ ਦੀ ਗ਼ੈਰਹਾਜ਼ਰੀ ਵਿਚ ਟਿਕਾਣੇ ਲਗਾ ਦਿੱਤੇ ਜਾਂਦੇ ਹਨ। ਮਾਂ! ਤੁਸੀਂ ਆਪ ਹੀ ਤਾਂ ਆਖਦੇ ਹੋ ਡਾਹਢੇ ਦਾ ਸੱਤੀ ਵੀਹੀ ਸੌ ਹੁੰਦਾ ਹੈ। ਕਾਨੂੰਨ ਦਾ ਸਹਾਰਾ ਜਰਵਾਣਿਆਂ ਦੀ ਰੱਖਿਆ ਲਈ ਲਿਆ ਜਾਂਦਾ ਹੈ। ਔਰਤਾਂ ਨੇ 28 ਮਈ 2023 ਵਾਲਾ ਦਿਨ ਵੀ ਵੇਖਿਆ।
ਇੱਕ ਪਾਸੇ ਜਦੋਂ ਲੋਕਤੰਤਰ ਦੀ ਨਵੀਂ ਪਰਿਭਾਸ਼ਾ ਘੜੀ ਜਾ ਰਹੀ ਸੀ ਤਾਂ ਦੂਜੇ ਪਾਸੇ ਦੇ ਦ੍ਰਿਸ਼ ਵੇਖ ਕੇ ਕਿਹੜੀ ਅੱਖ ਹੈ ਜੋ ਨਮ ਨਹੀਂ ਹੋਈ। ਉਸ ਪ੍ਰਦੇਸ਼ ਦੀਆਂ ਧੀਆਂ ਧਿਆਣੀਆਂ, ਜਿੱਥੇ ਦਿਨ ਰਾਤ ਬੇਟੀ ਬਚਾਓ, ਬੇਟੀ ਪੜ੍ਹਾਓ, ਖੇਲੋ ਇੰਡੀਆ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਢਿੰਡੋਰਾ ਪਿੱਟਿਆ ਜਾ ਰਿਹਾ ਹੋਵੇ, ਨੂੰ ਇਸ ਦੀ ਇੰਨੀ ਵੱਡੀ ਕੀਮਤ ਚੁਕਾਉਣੀ ਪਏਗੀ? ਹੁਣ ਉਹ ਜਾਗਰੂਕ ਹੋ ਚੁੱਕੀਆਂ ਹਨ। ਉਹ ਆਪਣੀਆਂ ਮਾਵਾਂ ਦੀ ਤਰ੍ਹਾਂ ਘੁੱਟ-ਘੁੱਟ ਕੇ, ਧੁਖ ਧੁਖ ਕੇ ਚੁੱਲ੍ਹੇ ਦੇ ਪਿੱਛੇ ਧੂੰਏਂ ਦੇ ਪੱਜ ਨਹੀਂ ਰੋਣਾ ਚਾਹੁੰਦੀਆਂ। ਕਿਉਂਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ 15 ਅਗਸਤ 2014 ਨੂੰ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ਨਾਲ ਉਨ੍ਹਾਂ ਨੂੰ ਭਰੋਸਾ ਬੱਝਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਝੋਲੀ ‘ਚ ਨਿਆਂ ਦੀਆਂ ਨਿਆਮਤਾਂ ਦੀ ਵਰਖਾ ਹੋਵੇਗੀ। ਹੁਣ ਉਨ੍ਹਾਂ ਨੂੰ ਇਹ ਭਰੋਸਾ ਟੁੱਟਦਾ ਨਜ਼ਰ ਆ ਰਿਹੈ।
ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਸਿੱਖਿਆ ਦਿੱਤੀ, ਮਾਂ-ਬਾਪ ਬੇਟੀਆਂ ਤੋਂ ਸਵਾਲ ਪੁੱਛਣ ਦੀ ਬਜਾਏ ਬੇਟਿਆਂ ਤੋਂ ਸਵਾਲ ਪੁੱਛਣੇ ਸ਼ੁਰੂ ਕਰਨ, ਪਰ ਅੱਜ ਉਹ ਆਪਣੇ ਸੰਸਦ ਵਿਚ ਬੈਠੇ ਇੱਕ ਬੇਟੇ ਨੂੰ ਸਵਾਲ ਨਹੀਂ ਪੁੱਛ ਸਕੇ।
ਉਨ੍ਹਾਂ ਨੇ ਵਾਰ-ਵਾਰ ਸਾਨੂੰ ਯਾਦ ਕਰਵਾਇਆ ਕਿ 21ਵੀਂ ਸਦੀ ਵਿਚ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਸੱਚਾਈ ਤਾਂ ਬਿਲਕੁਲ ਉਲਟ ਹੈ, ਅਸੀਂ ਤਾਂ ਹਜ਼ਾਰਾਂ ਸਾਲ ਪਿੱਛੇ ਚਲੇ ਗਏ। ਜਦੋਂ ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ ‘ਤੇ ਦਿਨ ਦਿਹਾੜੇ ਨਵਾਂ ਮਹਾਂਭਾਰਤ ਰਚਿਆ ਜਾ ਰਿਹਾ ਸੀ। ਯੁਧਿਸ਼ਟਰ ਯੋਗ ਵਿਚ ਨਿੰਪੁਨਤਾ ਹਾਸਲ ਕਰ ਰਹੇ ਸਨ। ਦੁਰਯੋਧਨ ਕਹਿ ਰਿਹਾ ਸੀ ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਹੋ, ਇਹ ਕਾਨੂੰਨ ਬਦਲਣਾ ਤਾਂ ਮੇਰੇ ਖੱਬੇ ਹਾਥ ਦੀ ਖੇਡ ਹੈ।
ਦੂਜੇ ਪਾਸੇ ਪ੍ਰਧਾਨ ਸੇਵਕ ਜੀ ਦੁਨੀਆ ਨੂੰ ਦਿਖਾ ਰਹੇ ਸਨ ਕਿ ਲੋਕਤੰਤਰ ਸਾਡੇ ਲਈ ਸਿਰਫ਼ ਇਕ ਸਿਸਟਮ ਨਹੀਂ, ਇਹ ਸਾਡਾ ਸੱਭਿਆਚਾਰ ਹੈ। ਇਹ ਸਾਡੀ ਪਰੰਪਰਾ ਹੈ ਜਿਸ ਦੇ ਸਹਾਰੇ ਅਸੀਂ ਭਾਰਤ ਨੂੰ ਖੁਸ਼ਹਾਲ ਅਤੇ ਮਜ਼ਬੂਤ ਬਣਾਵਾਂਗੇ।
ਝੂਠ ਨੀਂ ਮਾਏ ਝੂਠ, ਥੱਲੇ ਥੱਲੇ ਪੂਣੀਆਂ ਉੱਤੇ ਉੱਤੇ ਸੂਤ
ਇੱਥੇ ਤਾਂ ਅੱਜ ਰਾਮ ਰਾਜ ਵਿਚ ਸੀਤਾ ਤੋਂ ਉਸ ਨਾਲ ਹੋਈਆਂ ਵਧੀਕੀਆਂ ਦਾ ਸਬੂਤ ਮੰਗਿਆ ਜਾ ਰਿਹਾ ਹੈ। ਜ਼ੁਲਮ ਕਰਨ ਵਾਲਿਆਂ ਦੀ ਮਾਨਸਿਕ ਪਰੇਸ਼ਾਨੀ ਦਾ ਫ਼ਿਕਰ ਕਰਦਿਆਂ ਦੇਸ਼ ਦੇ ਸਾਧੂ ਸੰਤਾਂ ਦੀ ਬੈਠਕ ਬੁਲਾਈ ਜਾ ਰਹੀ ਹੈ। ਪੀੜਤਾਂ ਦੀ ਅਰਜ਼ੀ ‘ਤੇ ਹਾਈਕੋਰਟ ਫ਼ੈਸਲਾ ਕਰਨ ਤੋਂ ਪਹਿਲਾਂ ਜੋਤਸ਼ੀ ਬਾਬਾ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਹੈ। ਇਸ ਤੋਂ ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਜਿਸਮਾਨੀ ਸ਼ੋਸ਼ਣ ਦੀ ਸ਼ਿਕਾਰ ਪੀੜਤਾ ਦਾ ਮਾਨਸਿਕ ਸੰਤੁਲਨ ਕਿੰਨਾ ਵਿਗੜਦਾ ਹੈ। ਸਾਰੀ ਸਾਰੀ ਉਮਰ ਇਹ ਭਿਆਨਕ ਘਟਨਾਵਾਂ ਉਹਦਾ ਪਿੱਛਾ ਨਹੀਂ ਛੱਡਦੀਆਂ। ਉਹ ਇਕ ਜ਼ਿੰਦਾ ਲਾਸ਼ ਬਣ ਕੇ ਰਹਿ ਜਾਂਦੀ ਹੈ। ਜ਼ਮਾਨੇ ਦੇ ਸਾਹਮਣੇ ਉਹ ਆਪਣਾ ਹਰ ਫ਼ਰਜ਼ ਪੂਰਾ ਕਰਨ ਦੀ ਵਾਹ ਲਾਉਂਦੀ ਹੈ, ਪਰ ਉਸ ਦਾ ਲੀਰੋ ਲੀਰ ਹੋਇਆ ਅੰਦਰ ਕਿਸੇ ਸੂਈ ਨਾਲ ਸੀਤਾ ਨਹੀਂ ਜਾ ਸਕਦਾ। ਇਹ ਪੀੜਾਂ ਹਜ਼ਾਰਾਂ ਲੱਖਾਂ ਔਰਤਾਂ ਆਪਣੇ ਅੰਦਰ ਹੀ ਦਫ਼ਨ ਕਰ ਕੇ ਦਿਨਕਟੀ ਕਰਦੀਆਂ ਹਨ।”
ਸੰਪਰਕ: 98112-84919