ਝੁੱਗੀ-ਝੌਂਪੜੀ ਵਾਸੀਆਂ ਦੇ ਉਜਾੜੇ ਖ਼ਿਲਾਫ਼ ਡੀਐੱਮਓ ਦਫ਼ਤਰ ਅੱਗੇ ਧਰਨਾ
ਪਰਸ਼ੋਤਮ ਬੱਲੀ
ਬਰਨਾਲਾ, 19 ਦਸੰਬਰ
ਇਥੋਂ ਦੀ ਅਨਾਜ ਮੰਡੀ ਸ਼ੈੱਡਾਂ ਨੇੜਲੇ ਵੱਡੀ ਗਿਣਤੀ ਝੁੱਗੀ ਝੌਂਪੜੀ ਵਾਸੀਆਂ ਵੱਲੋਂ ਉਜਾੜੇ ਦੀ ਲਟਕੀ ਤਲਵਾਰ ਦੇ ਚਲਦਿਆਂ ਮੰਡੀ ਬੋਰਡ ਦੇ ਜ਼ਿਲ੍ਹਾ ਮੰਡੀ ਅਫ਼ਸਰ ਦੇ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਲਾਇਆ ਗਿਆ ਅਤੇ ਡੀਐੱਮਓ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੀ ਅਗਵਾਈ ਕਰ ਰਹੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਅਤੇ ਸੀਪੀਆਈ(ਐੱਮਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾ. ਲਾਭ ਸਿੰਘ ਅਕਲੀਆ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡੀ ਬੋਰਡ ਦੇ ਡੀਐੱਮਓ ਵੱਲੋਂ ਅਨਾਜ ਮੰਡੀ ਬਰਨਾਲਾ ਨੇੜੇ ਵਸਦੇ ਸੈਂਕੜੇ ਝੁੱਗੀਆਂ ਵਾਲਿਆਂ ਨੂੰ ਕਥਿਤ ਤੌਰ ‘ਤੇ ਜਬਰੀ ਉਜਾੜਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇੱਕ ਹਫ਼ਤੇ ਤੋਂ ਉਹਨਾਂ ਦਾ ਪਾਣੀ ਬੰਦ ਕੀਤਾ ਹੋਇਆ ਹੈ। ਆਗੂਆਂ ਦੱਸਿਆ ਕਿ ਇਨ੍ਹਾਂ ਗ਼ਰੀਬ ਲੋਕਾਂ ਨੇ ਪਿਛਲੇ 20-25 ਸਾਲਾਂ ਤੋਂ ਆਪਣੀਆਂ ਝੁੱਗੀਆਂ ਬਣਾ ਕੇ ਆਵਾਸ ਕੀਤਾ ਹੋਇਆ ਹੈ, ਬਾਕਾਇਦਾ ਸਥਾਨਕ ਸਰਕਾਰਾਂ ਵਿਭਾਗ ਵਲੋਂ ‘ਸਲੱਮ ਹਾਊਸਹੋਲਡ ਨੰਬਰ’ ਵੀ ਅਲਾਟ ਕੀਤੇ ਹੋਏ ਹਨ ਅਤੇ ਵੋਟਾਂ ਵੀ ਬਣੀਆਂ ਹੋਈਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਹੁਣ ਇਨ੍ਹਾਂ ਗ਼ੁਰਬਤ ਮਾਰੇ ਲੋਕਾਂ ਨੂੰ ਮੰਡੀ ਬੋਰਡ ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਨਸ਼ੇੜੀ ਤੇ ਅਪਰਾਧਿਕ ਅਨਸਰ ਭੇਜ ਕੇ ਉਜਾੜੇ ਲਈ ਧਮਕਾਇਆ ਤੇ ਡਰਾਇਆ ਜਾ ਰਿਹਾ ਹੈ। ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਉਜ਼ਰ ਕੀਤਾ ਕਿ ਹਰ ਵਾਰ ਸਿਆਸੀ ਪਾਰਟੀਆਂ ਦੇ ਮਿਉਂਸਪਲ ਕੌਂਸਲਰ ਵੋਟਾਂ ਲੈਣ ਲਈ ਇਨ੍ਹਾਂ ਦੀਆਂ ਝੁੱਗੀਆਂ ਵਿੱਚ ਪੁੱਜ ਕੇ ਹੱਥ ਬੰਨ੍ਹਦੇ ਹਨ ਪਰ ਹੁਣ ਕੋਈ ਵੀ ਸਿਆਸੀ ਪਾਰਟੀ ਇਹਨਾਂ ਦੀ ਖ਼ਬਰ ਲੈਣ ਨਹੀਂ ਆ ਰਹੀ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਗ਼ਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।