ਜੰਮੂ ਕਸ਼ਮੀਰ ਦਾ ਸੈਰ-ਸਪਾਟਾ
ਪਹਿਲਗਾਮ ਵਿੱਚ ਦਹਿਸ਼ਤਗਰਦ ਹਮਲੇ ਤੋਂ ਦੋ ਮਹੀਨੇ ਬਾਅਦ ਜੰਮੂ ਕਸ਼ਮੀਰ ਵਿੱਚ ਸੈਰ-ਸਪਾਟੇ ਦੀਆਂ ਥਾਵਾਂ ਮੁੜ ਖੋਲ੍ਹਣ ਨਾਲ ਬਿਨਾਂ ਸ਼ੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਮ ਵਰਗੇ ਹਾਲਾਤ ਦੀ ਬਹਾਲੀ ਦੇ ਸੰਕੇਤ ਮਿਲੇ ਹਨ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਆਖਿਆ ਹੈ ਕਿ ਇਹ ਫ਼ੈਸਲਾ ਡਿਵੀਜ਼ਨਲ ਕਮਿਸ਼ਨਰਾਂ ਅਤੇ ਸੀਨੀਅਰ ਪੁਲੀਸ ਅਫ਼ਸਰਾਂ ਵੱਲੋਂ ਸੁਰੱਖਿਆ ਦੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਗਿਆ ਹੈ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਅਧਿਕਾਰੀਆਂ ਵੱਲੋਂ ਸਿਰਫ਼ ਹਰੀ ਝੰਡੀ ਦੇਣਾ ਸੈਲਾਨੀਆਂ ਦੇ ਕਸ਼ਮੀਰ ਦੀਆਂ ਰਮਣੀਕ ਵਾਦੀਆਂ ਦੇਖਣ ਲਈ ਵਾਪਸ ਆਉਣ ਲਈ ਕਾਫ਼ੀ ਹੋਵੇਗਾ? ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਉਕਾਈ ਲਈ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸੈਲਾਨੀਆਂ ਨੂੰ ਉੱਥੇ ਜਾ ਕੇ ਕਿਸੇ ਤਰ੍ਹਾਂ ਦਾ ਸਹਿਮ ਮਹਿਸੂਸ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਗਾਮ ਦੀ ਹੌਲਨਾਕ ਘਟਨਾ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ। ਸੁਰੱਖਿਆ ਬਲਾਂ, ਟੂਰ ਅਪਰੇਟਰਾਂ, ਹੋਟਲ ਮਾਲਕਾਂ ਅਤੇ ਮੁਕਾਮੀ ਗਾਈਡਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਨੂੰ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ। ਉਸ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਨਾ-ਮਾਤਰ ਰਹਿ ਗਈ ਸੀ ਜਿਸ ਨਾਲ ਉੱਥੋਂ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਝਟਕਾ ਲੱਗਿਆ ਸੀ।
ਕੇਂਦਰ ਸਰਕਾਰ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਸੁਰਜੀਤ ਕਰਨ ਅਤੇ ਸੈਲਾਨੀਆਂ ਦੀ ਆਮਦ ਵਿੱਚ ਇਜ਼ਾਫ਼ਾ ਕਰਨ ਲਈ ਵੱਡੇ-ਵੱਡੇ ਵਿਕਾਸ ਪ੍ਰਾਜੈਕਟਾਂ ’ਤੇ ਟੇਕ ਰੱਖ ਰਹੀ ਹੈ। ਚਨਾਬ ਦਰਿਆ ’ਤੇ ਰੇਲਵੇ ਪੁਲ ਅਤੇ ਦੋ ‘ਵੰਦੇ ਭਾਰਤ’ ਰੇਲ ਗੱਡੀਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਉਦਘਾਟਨ ਇਸੇ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਸਨ। ਪਾਕਿਸਤਾਨ ਲਈ ਇਹ ਸਪੱਸ਼ਟ ਸੰਦੇਸ਼ ਹੈ ਕਿ ਦਹਿਸ਼ਤਗਰਦ ਹਮਲੇ ਕਰਵਾ ਕੇ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦਾ ਕੋਈ ਅਸਰ ਨਹੀਂ ਪਵੇਗਾ। ਹੇਠਲੇ ਪੱਧਰ ’ਤੇ ਇਹ ਧਾਰਨਾ ਵੀ ਦੂਰ ਕਰਨ ਦੀ ਸਖ਼ਤ ਲੋੜ ਹੈ ਕਿ ਕੁਝ ਕਸ਼ਮੀਰੀ, ਦਹਿਸ਼ਤਗਰਦਾਂ ਨਾਲ ਮਿਲੇ ਹੋਏ ਹਨ। ਇਸ ਕੂੜ ਪ੍ਰਚਾਰ ਨੂੰ ਸਖ਼ਤੀ ਨਾਲ ਦਬਾਉਣ ਦੀ ਲੋੜ ਹੈ ਅਤੇ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਵਾਦੀ ਦੇ ਵਸਨੀਕਾਂ ਨੇ ਕਿਵੇਂ ਪਹਿਲਗਾਮ ਹਮਲੇ ਤੋਂ ਬਾਅਦ ਪੀੜਤਾਂ ਦਾ ਸਾਥ ਦਿੱਤਾ ਸੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਸੀ ਅਤੇ ਹਮਲੇ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਵੀ ਕੀਤੇ ਸਨ।
ਇਹ ਸ਼ਲਾਘਾਯੋਗ ਗੱਲ ਹੈ ਕਿ ਯੂਟੀ ਪ੍ਰਸ਼ਾਸਨ ਨੇ ਪਹਿਲਗਾਮ ਹਮਲੇ ਵੇਲੇ ਦਹਿਸ਼ਤਗਰਦਾਂ ਨਾਲ ਮੱਥਾ ਲਾ ਕੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਆਦਿਲ ਸ਼ਾਹ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਹੈ। ਸੈਲਾਨੀਆਂ ਨੂੰ ਬਚਾਉਣ ਲਈ ਖੱਚਰ ਚਾਲਕ ਆਦਿਲ ਸ਼ਾਹ ਦੀ ਕੁਰਬਾਨੀ, ਜਿਸ ਨੂੰ ਖੁਦ ਪ੍ਰਧਾਨ ਮੰਤਰੀ ਵੱਲੋਂ ਸਲਾਮੀ ਦਿੱਤੀ ਗਈ ਸੀ, ਤੋਂ ਆਮ ਕਸ਼ਮੀਰੀਆਂ ਦੀ ਵਫ਼ਾਦਾਰੀ ਬਾਰੇ ਸਾਰੇ ਸ਼ੰਕੇ ਦੂਰ ਕਰਨ ਦਾ ਕੰਮ ਕਰਨਾ ਚਾਹੀਦਾ ਹੈ। ਸ਼ਾਂਤੀ ਅਤੇ ਫ਼ਿਰਕੂ ਇਕਸੁਰਤਾ ਉੱਪਰ ਮੁਕੰਮਲ ਰੂਪ ਵਿੱਚ ਜ਼ੋਰ ਦੇਣ ਨਾਲ ਨਾ ਕੇਵਲ ਸੈਰ-ਸਪਾਟੇ ਨੂੰ ਹੀ ਹੁਲਾਰਾ ਮਿਲੇਗਾ ਸਗੋਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਅਮਰਨਾਥ ਯਾਤਰਾ ਲਈ ਵੀ ਸੁਖਾਵਾਂ ਮਾਹੌਲ ਤਿਆਰ ਹੋ ਸਕੇਗਾ।