ਜੰਗਲਾਤ ਵਿਭਾਗ: ਕਿਸੇ ਤਣ ਪੱਤਣ ਨਹੀਂ ਲੱਗੀ ਪੈਨਲ ਮੀਟਿੰਗ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 12 ਸਤੰਬਰ
ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਅੱਜ ਪੈਨਲ ਮੀਟਿੰਗ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਣ ਭਵਨ ਵਿੱਚ ਹੋਈ। ਇਸ ਵਿੱਚ ਜੰਗਲਾਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਬਾਰੇ ਚਰਚਾ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਜੋਧਾ ਨਗਰੀ, ਜਨਰਲ ਸਕੱਤਰ ਬਲਬੀਰ ਸਿੰਘ ਸੀਬੀਆ, ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਜੋ ਨੀਤੀ ਮਈ 2023 ’ਚ ਬਣਾਈ ਗਈ ਸੀ। ਇਸ ਨੀਤੀ ਤਹਿਤ ਹੁਣ ਤੱਕ ਇੱਕ ਵੀ ਕਰਮਚਾਰੀ ਪੱਕਾ ਨਹੀਂ ਹੋ ਸਕਿਆ। ਮੰਤਰੀ ਨੇ ਸਬ-ਕਮੇਟੀ ਨਾਲ ਦੁਬਾਰਾ ਗੱਲ ਕਰਨ ਦਾ ਭਰੋਸਾ ਦਿੱਤਾ।
ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸੁਪਰੀਮ ਕੋਰਟ ਦੇ ਉਮਾ ਦੇਵੀ ਫ਼ੈਸਲੇ ਨੂੰ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮੁੱਖ ਕਾਨੂੰਨੀ ਅੜਿੱਕਾ ਮੰਨਦੀ ਸੀ ਪਰ ਉੱਚ ਅਦਾਲਤ ਨੇ ਇਹ ਕਾਨੂੰਨੀ ਅੜਿੱਕਾ ਵੀ ਦੂਰ ਕਰ ਦਿੱਤਾ ਹੈ। ਹਾਈ ਕੋਰਟ ਨੇ ਵੱਖ-ਵੱਖ ਅਦਾਲਤੀ ਫ਼ੈਸਲਿਆਂ ਵਿੱਚ ਸਪੱਸ਼ਟ ਕੀਤਾ ਹੈ ਕਿ 10 ਸਾਲ ਸੇਵਾਵਾਂ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।
ਮੀਟਿੰਗ ਵਿੱਚ ਵਿਭਾਗ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸੀਨੀਆਰਤਾ ਸੂਚੀ ’ਚੋਂ ਬਾਹਰ ਰਹਿ ਗਏ ਵਰਕਰਾਂ ਦੇ ਰਿਕਾਰਡ ਵਿੱਚ ਤਰੁੱਟੀਆਂ ਦੂਰ ਕਰਨ ਤੇ ਸਪਲੀਮੈਂਟਰੀ ਲਿਸਟ ਤਿਆਰ ਕਰਨ ਦਾ ਫ਼ੈਸਲਾ ਹੋਇਆ। ਕਿਰਤ ਕਾਨੂੰਨਾਂ ਮੁਤਾਬਕ ਸਾਰੇ ਮੁਲਾਜ਼ਮਾਂ ਦੇ ਮਾਸਿਕ 30 ਦਿਨ ਗਿਣ ਕੇ 240 ਦਿਨ ਮੰਨੇ ਜਾਣ। ਵਿਭਾਗ ਦੇ ਅਧਿਕਾਰੀ ਵਾਰ ਵਾਰ ਕਿਰਤ ਵਿਭਾਗ ਦੀਆਂ ਹਦਾਇਤਾਂ ਦਾ ਜ਼ਿਕਰ ਕਰਦੇ ਹੋਏ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੇ।