ਜੰਗਪੁਰਾ ’ਚ ਮਦਰਾਸੀ ਕੈਂਪ ’ਤੇ ਚੱਲਿਆ ਬੁਲਡੋਜ਼ਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੂਨ
ਰਾਜਧਾਨੀ ਦਿੱਲੀ ਵਿੱਚ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਤੇਜ਼ ਕਰਦਿਆਂ ਅੱਜ ਜੰਗਪੁਰਾ ਵਿੱਚ ਮਦਰਾਸੀਆਂ ਕੈਂਪ ’ਤੇ ਬੁਲਡੋਜ਼ਰ ਦੀ ਵਰਤੋਂ ਕਰਕੇ ਝੁੱਗੀਆਂ ਹਟਾਈਆਂ ਗਈਆਂ। ਇੱਥੇ 300 ਤੋਂ ਵੱਧ ਝੁੱਗੀਆਂ ਢਾਹੀਆਂ ਗਈਆਂ। ਵਿਸ਼ੇਸ਼ ਟਾਸਕ ਫੋਰਸ ਨੇ ਅੱਜ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਨੇੜੇ ਜੰਗਪੁਰਾ ਵਿੱਚ ਮਦਰਾਸੀਆਂ ਕੈਂਪ ’ਤੋਂ ਉਸਾਰੀਆਂ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਕਾਰਵਾਈ ਆਧਾਰਤੀ ਆਦੇਸ਼ ਮਗਰੋਂ ਦਿੱਲੀ ਨਗਰ ਨਿਗਮ ਵੱਲੋਂ ਕੀਤੀ ਗਈ ਹੈ। ਇਸ ਮੌਕੇ ਦਿੱਲੀ ਪੁਲੀਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜੇ। ਹਟਾਈਆਂ ਗਈਆਂ ਝੁੱਗੀਆਂ ਵਾਲਿਆਂ ਵਿੱਚੋਂ ਪੌਣੇ ਦੋ ਸੌ ਨੂੰ ਨਰੇਲਾ ਵਿੱਚ ਮਕਾਨ ਅਲਾਟ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਦੀ ਟੀਮ ਚਾਰ ਬੁਲਡੋਜ਼ਰਾਂ ਨਾਲ ਮੌਕੇ ’ਤੇ ਨਾਜਾਇਜ਼ ਕਬਜ਼ੇ ਹਟਾ ਰਹੀ ਸੀ। ਲੋਕਾਂ ਦੇ ਵਿਰੋਧ ਨਾਲ ਨਜਿੱਠਣ ਲਈ ਪੁਲੀਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ। ਇਸ ਕਾਰਵਾਈ ਦੇ ਹਿੱਸੇ ਵਜੋਂ, ਲਗਭਗ 300 ਝੁੱਗੀਆਂ-ਝੌਂਪੜੀਆਂ ਨੂੰ ਹਟਾਇਆ ਜਾਣਾ ਹੈ, ਜਿਸ ਲਈ 17 ਮਈ ਨੂੰ ਨੋਟਿਸ ਚਿਪਕਾ ਦਿੱਤੇ ਗਏ ਸਨ। ਦੂਜੇ ਪਾਸੇ, ਪੂਰਬੀ ਦਿੱਲੀ ਦੇ ਝਿਲਮਿਲ ਵਾਰਡ ਦੇ ਕ੍ਰਿਸ਼ਨਾ ਮਾਰਕੀਟ ਰਾਜੀਵ ਕੈਂਪ ਵਿੱਚ ਇੱਕ ਝੁਕੇ ਹੋਏ ਘਰ ਦੀ ਦੂਜੀ ਮੰਜ਼ਿਲ ਢਾਹ ਦਿੱਤੀ ਗਈ। ਤੀਜੀ ਮੰਜ਼ਿਲ ਕੱਲ੍ਹ ਢਾਹ ਦਿੱਤੀ ਗਈ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਮੰਜ਼ਿਲ ਅਤੇ ਜ਼ਮੀਨੀ ਮੰਜ਼ਿਲ ਹੁਣ ਘਰ ਦੇ ਮਾਲਕ ਵੱਲੋਂ ਖੁਦ ਢਾਹ ਦਿੱਤੀ ਜਾਵੇਗੀ।
ਹੁਣ ਇਸਨੂੰ ਢਾਹਣ ਵਿੱਚ ਕੋਈ ਖ਼ਤਰਾ ਨਹੀਂ ਹੈ। ਇਸ ਘਰ ਦੇ ਝੁਕੇ ਹੋਣ ਕਾਰਨ ਘਰ ਦਾ ਮਾਲਕ ਅਤੇ ਇਸਦੇ ਆਲੇ-ਦੁਆਲੇ ਦੇ ਦੋ ਘਰਾਂ ਦੇ ਲੋਕ ਇਸ ਸਮੇਂ ਆਪਣੇ ਜਾਣ-ਪਛਾਣ ਵਾਲਿਆਂ ਦੀ ਜਗ੍ਹਾ ’ਤੇ ਰਹਿ ਰਹੇ ਹਨ। ਰਾਜੀਵ ਕੈਂਪ ਵਿੱਚ ਝੁਕਿਆ ਹੋਇਆ ਘਰ 15 ਗਜ਼ ਵਿੱਚ ਬਣਿਆ ਤਿੰਨ ਮੰਜ਼ਿਲਾ ਮਕਾਨ ਸੀ। ਇਸ ਖੇਤਰ ਵਿੱਚ ਕਈ ਹੋਰ ਘਰ ਖਤਰਨਾਕ ਹਾਲਤ ਵਿੱਚ ਬਹੁ-ਮੰਜ਼ਿਲਾ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਸ਼ਹਿਰੀ ਆਸਰਾ ਬੋਰਡ ਨੂੰ ਅਜਿਹੇ ਘਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਜ਼ਮੀਨ ਹੈ।
ਮਦਰਾਸੀ ਲੋਕਾਂ ਦੀ ਸਾਰ ਲੈਣ ਸਟਾਲਿਨ: ਭਾਰਦਵਾਜ
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਕਿ ਤਾਮਿਲ ਨਾਡੂ ਦੇ ਮੁੱਖ ਮੰਤਰੀ ਢਾਹੀਆਂ ਗਈਆਂ ਝੁੱਗੀਆਂ ਕਾਰਨ ਉਜੜੇ ਲੋਕਾਂ ਦੀ ਸਾਰ ਲੈਣ। ਸੌਰਭ ਭਾਰਦਵਾਜ ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਕੋਈ ਵੀ ਝੁੱਗੀ-ਝੌਂਪੜੀ ਨਹੀਂ ਢਾਹੀ ਜਾਵੇਗੀ ਪਰ ਅੱਜ ਹੀ ਬਾਰਪੁਲਾ ਮਦਰਾਸੀ ਕੈਂਪ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਹਜ਼ਾਰਾਂ ਲੋਕਾਂ ਨੇ ਆਪਣੇ ਘਰ ਗੁਆ ਲਏ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਇਸ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਕਿ ਭਾਜਪਾ ਕੌਮੀ ਰਾਜਧਾਨੀ ਵਿੱਚ ਤਾਮਿਲ ਨਾਡੂ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦੀ ਹੈ।