ਜੌੜਾਮਾਜਰਾ ਵੱਲੋਂ ਮਹਿਮਦਪੁਰ ਤੋਂ ਵਜੀਦਪੁਰ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ
ਪਟਿਆਲਾ/ਸਮਾਣਾ, 10 ਅਪਰੈਲ
ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਸਮਾਣਾ ਹਲਕੇ ਦੇ ਪਟਿਆਲਾ ਬਲਾਕ ਦੇ ਪਿੰਡ ਮਹਿਮਦਪੁਰ ਤੋਂ ਵਜੀਦਪੁਰ ਤੱਕ 49 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਰਸਤਾ ਨਾ ਸਿਰਫ਼ ਆਵਾਜਾਈ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਵੇਗਾ, ਸਗੋਂ ਖੇਤਰ ਦੇ ਆਰਥਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤ ਉਪਲਬਧ ਕਰਵਾਉਣ ਦੇ ਨਾਲ ਨਾਲ ਸਰਕਾਰ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ ਦੀ ਕਰੋੜਾਂ ਰੁਪਏ ਨਾਲ ਕਾਇਆ ਕਲਪ ਕੀਤੀ ਜਾ ਰਹੀ ਹੈ। ਸਿਹਤ, ਸਿੱਖਿਆ ਤੇ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ, ਜਿਸ ਸਦਕਾ ਵੱਡੀ ਪੱਧਰ ’ਤੇ ਵਿਕਾਸ ਕਾਰਜ ਅਰੰਭੇ ਗਏ ਹਨ। ਜੌੜਾਮਾਜਰਾ ਨੇ ਆਪਣੇ ਹਲਕੇ ਸਮਾਣਾ ਦੇ ਹਰੇਕ ਪਿੰਡ ਤੇ ਇਲਾਕੇ ਦੇ ਵਿਕਾਸ ਲਈ ਆਪਣੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਣਾ ਹਲਕੇ ਵਿੱਚ ਹੋਰ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਕਾਰ ਗੱਜੂਮਾਜਰਾ, ਗੁਰਦੇਵ ਟਿਵਾਣਾ, ਸੁਰਜੀਤ ਫ਼ੌਜੀ ਤੇ ਅਮਨਦੀਪ ਕੌਰ ਮੌਜੂਦ ਸਨ।