ਜੌਰਜੀਆ ਹਾਦਸਾ: ਚਾਰ ਲਾਸ਼ਾਂ ਭਾਰਤ ਲਿਆਂਦੀਆਂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਦਸੰਬਰ
ਜੌਰਜੀਆ ਵਿੱਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ 11 ਪੰਜਾਬੀ ਨੌਜਵਾਨਾਂ ’ਚੋਂ 4 ਮ੍ਰਿਤਕਾਂ ਦੀਆਂ ਲਾਸ਼ਾਂ ਕੇਂਦਰੀ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਅੱਜ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਲਿਆਂਦੀਆਂ ਗਈਆਂ। ਇਨ੍ਹਾਂ ਲਾਸ਼ਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਜੀਆਂ ਐਂਬੂਲੈਂਸਾਂ ਰਾਹੀਂ ਪੀੜਤ ਪਰਿਵਾਰਾਂ ਤੱਕ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਵੀ ਇਸੇ ਹਾਦਸੇ ’ਚ ਮਾਰੇ ਗਏ ਚਾਰ ਵਿਅਕਤੀਆਂ ਦੀਆਂ ਦੇਹਾਂ ਲਿਆਂਦੀਆਂ ਜਾ ਚੁੱਕੀਆਂ ਹਨ।
ਡਾ. ਐੱਸਪੀ ਸਿੰਘ ਉਬਰਾਏ ਨੇ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ ਜੌਰਜੀਆ ਹਾਦਸੇ ’ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ’ਚੋਂ ਚਾਰ ਨੌਜਵਾਨ, ਜਿਨ੍ਹਾਂ ’ਚ ਨਨਾਣ/ਭਰਜਾਈ ਅਮਰਿੰਦਰ ਕੌਰ ਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਤੇ ਵਰਿੰਦਰ ਸਿੰਘ ਦੇ ਮ੍ਰਿਤਕ ਸਰੀਰ ਇੱਥੇ ਪਹੁੰਚੇ ਹਨ। ਇਹ ਚਾਰੋਂ ਮ੍ਰਿਤਕ ਮਾਨਸਾ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਨਾਲ ਸਬੰਧਤ ਸਨ। ਇਸ ਦੌਰਾਨ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ ਤੇ ਮਨਪ੍ਰੀਤ ਸਿੰਘ ਸੰਧੂ ਨੇ ਹਵਾਈ ਅੱਡੇ ’ਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਆਗੂਆਂ ਦੱਸਿਆ ਕਿ ਟਰੱਸਟ ਵੱਲੋਂ ਪੀੜਤ ਪਰਿਵਾਰਾਂ ਦੀ ਆਰਥਿਕ ਸਥਿਤੀ ਮੁਤਾਬਕ ਉਨ੍ਹਾਂ ਲਈ ਢੁੱਕਵੀਂ ਮਹੀਨਾਵਾਰ ਪੈਨਸ਼ਨ ਤੋਂ ਇਲਾਵਾ ਉਨ੍ਹਾਂ ਦੇ ਖਸਤਾ ਹਾਲ ਘਰਾਂ ਦੀ ਮੁਰੰਮਤ ਲਈ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਕੀ ਰਹਿ ਗਏ 3 ਪੰਜਾਬੀ ਵਿਅਕਤੀਆ ਵਿੱਚੋਂ ਇਕ ਦੀ ਮ੍ਰਿਤਕ ਦੇਹ ਭਲਕੇ ਇਥੇ ਪੁੱਜਣ ਦੀ ਸੰਭਾਵਨਾ ਹੈ।