ਜੌੜਾਮਾਜਰਾ ਦੀ ‘ਕ੍ਰਾਂਤੀ’
ਸੋਮਵਾਰ ਨੂੰ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਇਕਮਾਤਰ ਚਾਰਦੀਵਾਰੀ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਮੁਕਾਮੀ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਖ਼ਿਲਾਫ਼ ਵਰਤੇ ਗਏ ‘ਅਪਸ਼ਬਦ’ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆ ਰਹੇ ਬਦਲਾਓ ਦੀ ਡਰਾਉਣੀ ਤਸਵੀਰ ਪੇਸ਼ ਕਰਦੇ ਹਨ। ਸ੍ਰੀ ਜੌੜਾਮਾਜਰਾ, ਜਿਨ੍ਹਾਂ ਨੂੰ ਛੇ ਕੁ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਨੇ ਸਮਾਗਮ ਵਿੱਚ ਪਹੁੰਚ ਕੇ ਮਾਈਕ ਫੜਨ ਸਾਰ ਸਵਾਲ ਦਾਗਿਆ ‘‘ਕਿੰਨੇ ਬੱਚੇ ਗ਼ੈਰ-ਹਾਜ਼ਰ ਹਨ? ਕਿੰਨੇ ਟੀਚਰ ਬੈਠੇ ਨੇ ਐਥੇ? ਕਿਉਂ ਐਬਸੈਂਟ ਹਨ ਇਹ ਦੱਸੋ...ਇਹ ਬਿਲਕੁਲ ਫੇਲ੍ਹ ਪ੍ਰੋਗਰਾਮ ਹੈ ਤੁਹਾਡਾ...ਤੁਸੀਂ ਪੰਜਾਹ ਕੁਰਸੀਆਂ ਨਹੀਂ ਲਾ ਸਕੇ, ਹੋਰ ਤੁਸੀਂ ਕੀ ਕਰੋਗੇ... ਤੁਹਾਡੇ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਹੀ ਸੀਐੱਮ ਸਾਬ੍ਹ ਨੂੰ, ਐਜੂਕੇਸ਼ਨ ਮਨਿਸਟਰ ਨੂੰ... ਅੱਜ ਹੀ ਲਿਖ ਕੇ...’’
ਕੋਈ ਸਮਾਂ ਸੀ ਜਦੋਂ ਸਾਡੇ ਸਮਾਜ ਅੰਦਰ ਅਧਿਆਪਕ ਦਾ ਸਭ ਤੋਂ ਵੱਧ ਸਤਿਕਾਰ ਕੀਤਾ ਜਾਂਦਾ ਸੀ। ਉੱਚ ਅਹੁਦਿਆਂ ’ਤੇ ਪਹੁੰਚ ਕੇ ਵੀ ਲੋਕ ਜਦੋਂ ਕਿਤੇ ਅਚਨਚੇਤ ਆਪਣੇ ਸਾਬਕਾ ਅਧਿਆਪਕਾਂ ਨੂੰ ਦੇਖ ਲੈਂਦੇ ਸਨ, ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਮਿਲਦੇ ਸਨ ਪਰ ਹੁਣ ਉਹ ਸਮੇਂ ਕਿਤੇ ਗਾਇਬ ਹੋ ਗਏ ਹਨ। ਸਮਾਣੇ ਦੇ ਸਕੂਲ ਆਫ ਐਮੀਨੈਂਸ ਦੀ ਮੁੱਖ ਅਧਿਆਪਕਾ ਮੁਤਾਬਿਕ ਅਧਿਆਪਕਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਟੈਂਟ ਲਾਉਣ ਤੇ ਉਦਘਾਟਨੀ ਪੱਥਰ ਲਾਉਣ ਆਦਿ ਦੇ ਪ੍ਰਬੰਧ ਕੀਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਕੂਲ ਵਿੱਚ ਪਖਾਨੇ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਅਧਿਆਪਕਾਂ ਦੀ ਘਾਟ ਹੋਣ ਕਰ ਕੇ ਐਮੀਨੈਂਸ ਤੇ ਗ਼ੈਰ-ਐਮੀਨੈਂਸ ਵਿਦਿਆਰਥੀਆਂ ਲਈ ਸਾਂਝੀਆਂ ਕਲਾਸਾਂ ਲਾਉਣੀਆਂ ਪੈਂਦੀਆਂ ਹਨ। ‘ਆਪ’ ਵਿਧਾਇਕ ਦਾ ਗੁੱਸਾ ਇਸ ਗੱਲੋਂ ਜਾਇਜ਼ ਹੋ ਸਕਦਾ ਹੈ ਕਿ ਸਮਾਗਮ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਘਾਟ ਨਜ਼ਰ ਆ ਰਹੀ ਸੀ ਪਰ ਉਨ੍ਹਾਂ ਦਾ ਸਮਾਗਮ ’ਚ ਅਜਿਹਾ ਪ੍ਰਤੀਕਰਮ ਆਪਣੀ ਹੀ ਸਰਕਾਰ ਵੱਲੋਂ ਵਿੱਢੀ ਮੁਹਿੰਮ ਦੀ ਪੋਲ ਖੋਲ੍ਹ ਰਿਹਾ ਹੈ। ਇਹ ਸਵਾਲ ਉਨ੍ਹਾਂ ਨੂੰ ਸਰਕਾਰ ਤੋਂ ਪੁੱਛਣਾ ਚਾਹੀਦਾ ਸੀ ਕਿ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਿਉਂ ਨਹੀਂ ਹੋ ਰਹੇ; ਅਧਿਆਪਕਾਂ ਦੀ ਘਾਟ ਕਿਉਂ ਹੈ ਪਰ ਉਹ ਅਜਿਹਾ ਨਹੀਂ ਕਰਨਗੇ, ਉਲਟਾ ਅਧਿਆਪਕਾਂ ਨੂੰ ਕੋਸਣਗੇ। ਸਿਤਮ ਦੀ ਗੱਲ ਹੈ ਕਿ ਵਿਧਾਇਕ ਉਨ੍ਹਾਂ ਅਧਿਆਪਕਾਂ ਦੀ ਹੇਠੀ ਕਰ ਰਹੇ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਦੇ ਪੈਸੇ ਆਪਣੇ ਪੱਲਿਓਂ ਭਰੇ ਹਨ ਅਤੇ ਹੁਣ ਵੀ ਤਾਰ ਰਹੇ ਹਨ ਕਿਉਂਕਿ ਤਿੰਨ ਮਹੀਨਿਆਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਬੱਸ ਸੇਵਾ ਦੇ ਫੰਡ ਨਹੀਂ ਭੇਜੇ ਗਏ।
ਅਧਿਆਪਕਾਂ ਦੀ ਜਥੇਬੰਦੀ ਨੇ ਸ੍ਰੀ ਜੌੜਾਮਾਜਰਾ ਦੇ ਵਿਹਾਰ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੂੰ ਅਧਿਆਪਕਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸ੍ਰੀ ਜੌੜਾਮਾਜਰਾ ਨੇ ਸਿਹਤ ਮੰਤਰੀ ਬਣਨ ਤੋਂ ਕੁਝ ਮਹੀਨਿਆਂ ਬਾਅਦ ਹੀ ਇੱਕ ਚੈਕਿੰਗ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੂੰ ਮਰੀਜ਼ ਦੇ ਗੰਦੇ ਬਿਸਤਰ ਉੱਪਰ ਲੇਟਣ ਲਈ ਮਜਬੂਰ ਕੀਤਾ ਸੀ ਅਤੇ ਇਸ ਅਪਮਾਨ ਕਰ ਕੇ ਡਾ. ਬਹਾਦਰ ਨੇ ਅਸਤੀਫ਼ਾ ਦੇ ਦਿੱਤਾ ਸੀ। ਬਿਹਤਰ ਹੈ ਕਿ ਵਿਧਾਇਕ, ਖ਼ਾਸਕਰ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸਿਆਸਤਦਾਨ ਆਪੋ-ਆਪਣੇ ਖੇਤਰ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਸੁਵਿਧਾਵਾਂ ਵਿੱਚ ਬਿਹਤਰੀ ਬਾਰੇ ਹੀ ਗੱਲ ਕਰਨ। ਅਜਿਹੀਆਂ ਨਿਰਾਦਰ ਭਰੀਆਂ ਟਿੱਪਣੀਆਂ ਕਰਨਾ ਉਨ੍ਹਾਂ ਨੂੰ ਕਿਸੇ ਵੀ ਸੂਰਤ ਸੋਭਦਾ ਨਹੀਂ ਹੈ।