ਜੋੜਾਮਾਜਰਾ ਵੱਲੋਂ ਕਰਹਾਲੀ ਸਾਹਿਬ ਲਈ ਸੱਤ ਲੱਖ ਦੀ ਗ੍ਰਾਂਟ ਦਾ ਐਲਾਨ
ਮਾਨਵਜੋਤ ਭਿੰਡਰ
ਡਕਾਲਾ, 13 ਜਨਵਰੀ
ਇਥੇ ਪਿੰਡ ਕਰਹਾਲੀ ਸਾਹਿਬ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਗ੍ਰਾਮ ਪੰਚਾਇਤ ਨਾਲ ਮਿਲ ਕੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਸ਼ਾਮਲ ਹੋਏ, ਜਦੋਂ ਕਿ ਵਿਸ਼ੇਸ ਮਹਿਮਾਨ ਵਜੋਂ ਸਮਾਣਾ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਬੀਬੀ ਰੰਧਾਵਾ ਨੇ ਧੀਆਂ ਦੇ ਲੋਹੜੀ ਮਨਾਏ ਜਾਣ ਦੇ ਨੌਜਵਾਨ ਆਗੂ ਸੰਜੇ ਸਿੰਘ ਦੀ ਯਤਨਾਂ ਦੀ ਸਲਾਘਾ ਕੀਤੀ। ਵਿਧਾਇਕ ਜੋੜਾਮਾਜਰਾ ਨੇ ਪੰਚਾਇਤ ਕਰਹਾਲੀ ਸਾਹਿਬ ਨੂੰ ਆਪਣੇ ਅਖਤਿਆਰੀ ਕੋਟੇ ’ਚੋਂ ਪਿੰਡ ਦੇ ਵਿਕਾਸ ਖਾਸ ਕਰਕੇ ਪਾਰਕ, ਸ਼ੈੱਡ ਤੇ ਚਾਰਦਿਵਾਰੀ ਲਈ 7 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਪ੍ਰਦੇਸ਼ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਦਾਅਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਕਾਂਗਰਸ ਦਿੱਲੀ ’ਤੇ ਕਾਬਜ਼ ਹੋਏਗੀ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਉਹ ਜਲਦੀ ਹੀ ਦਿੱਲੀ ਚੋਣ ਪ੍ਰਚਾਰ ’ਚ ਪੁੱਜਣਗੇ।