ਜੈਸੀ ਸੰਗਤ ਵੈਸੀ ਰੰਗਤ
ਡਾ. ਰਣਜੀਤ ਸਿੰਘ
ਮਨੁੱਖ ਨੇ ਜਦੋਂ ਤੋਂ ਜੰਗਲਾਂ ਵਿੱਚੋਂ ਨਿਕਲ ਕੇ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਸ ਨੇ ਇਕੱਲਤਾ ਨੂੰ ਤਿਆਗ ਕੇ ਸੰਗੀ ਸਾਥੀਆਂ ਦਾ ਸਾਥ ਲੋਚਿਆ ਹੈ। ਇਕੱਲਤਾ ਤਾਂ ਸਰਾਪ ਵਾਂਗ ਹੁੰਦੀ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਇਕੱਲਾ ਤਾਂ ਜੰਗਲ ਵਿੱਚ ਰੁੱਖ ਵੀ ਨਹੀਂ ਹੋਣਾ ਚਾਹੀਦਾ। ਬੱਚੇ ਦੇ ਸਭ ਤੋਂ ਪਹਿਲੇ ਸੰਗੀ ਉਸ ਦੇ ਮਾਪੇ ਹੁੰਦੇ ਹਨ। ਮਾਪਿਆਂ ਦਾ ਰਹਿਣ-ਸਹਿਣ ਅਤੇ ਉਨ੍ਹਾਂ ਦਾ ਚਲਣ ਬੱਚੇ ਦੀ ਸ਼ਖ਼ਸੀਅਤ ਉਸਾਰੀ ’ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ।
ਜੇਕਰ ਮਾਪੇ ਕਿਰਤ ਕਰਦੇ, ਵੰਡ ਛਕਦੇ ਅਤੇ ਨਾਮ ਜਪਦੇ ਹੋਣ ਤਾਂ ਬੱਚਾ ਵੀ ਕਿਰਤੀ ਬਣਦਾ ਹੈ। ਸੱਚ, ਸੰਤੋਖ ਅਤੇ ਗਿਆਨ ਦੇ ਆਧਾਰ ’ਤੇ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਜਿਹੜੇ ਮਾਪੇ ਜੀਵਨ ਜਿਊਂਦੇ ਹਨ, ਉਹ ਆਪਣੇ ਬੱਚਿਆਂ ਲਈ ਆਦਰਸ਼ ਬਣ ਜਾਂਦੇ ਹਨ। ਮਾਪਿਆਂ ਤੋਂ ਅੱਗੇ ਜਾ ਕੇ ਅਧਿਆਪਕ ਦੀ ਸੰਗਤ ਦਾ ਵੀ ਬੱਚੇ ਦੀ ਸੋਚ ਉੱਤੇ ਅਸਰ ਪੈਂਦਾ ਹੈ। ਜੇਕਰ ਅਧਿਆਪਕ ਉੱਚੇ ਆਚਰਣ ਵਾਲਾ, ਧੀਰਜ ਅਤੇ ਪਿਆਰ ਨਾਲ ਬੱਚਿਆਂ ਦੀ ਪੜ੍ਹਾਈ ਕਰਵਾਉਂਦਾ ਹੈ ਤਾਂ ਉਸ ਦੇ ਉਤਸ਼ਾਹੀ ਬੋਲ ਹਮੇਸ਼ਾਂ ਪ੍ਰਭਾਵ ਪਾਉਂਦੇ ਹਨ। ਜੇਕਰ ਅਧਿਆਪਕ ਪੜ੍ਹਾਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਲੈਂਦਾ, ਬੱਚਿਆਂ ਨੂੰ ਹਮੇਸ਼ਾਂ ਝਿੜਕਦਾ ਰਹਿੰਦਾ ਹੈ ਅਤੇ ਕਮਜ਼ੋਰ ਨੂੰ ਉਤਸ਼ਾਹਿਤ ਕਰਨ ਦੀ ਥਾਂ ਨਿਕੰਮਾ ਆਖਦਾ ਹੈ ਤਾਂ ਬੱਚਾ ਸਚਮੁੱਚ ਹੀ ਨਿਕੰਮਾ ਹੋ ਜਾਂਦਾ ਹੈ।
ਜੇਕਰ ਬੱਚੇ ਦੇ ਸੰਗੀ ਸਾਥੀ ਮਿਹਨਤੀ ਹੋਣ, ਪੜ੍ਹਾਈ ਵਿੱਚ ਪੂਰੀ ਦਿਲਚਸਪੀ ਲੈਂਦੇ ਹੋਣ ਤਾਂ ਉਹ ਉਨ੍ਹਾਂ ਵਰਗਾ ਹੀ ਬਣ ਜਾਂਦਾ ਹੈ। ਜੇਕਰ ਬੱਚੇ ਦੀ ਸੰਗਤ ਭੈੜੇ ਬੱਚਿਆਂ ਨਾਲ ਹੋਵੇ, ਜਿਹੜੇ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਾ ਰੱਖਦੇ ਹੋਣ ਤਾਂ ਬੱਚਾ ਵੀ ਅਜਿਹਾ ਹੀ ਬਣ ਜਾਵੇਗਾ। ਚੰਗੀ ਸੰਗਤ ਬੱਚੇ ਵਿੱਚ ਚੰਗੀ ਸੋਚ ਨੂੰ ਪ੍ਰਫੁੱਲਿਤ ਕਰਦੀ ਹੈ ਜਦੋਂ ਕਿ ਬੁਰੀ ਸੰਗਤ ਬੁਰੀ ਸੋਚ ਨੂੰ ਉਤਸ਼ਾਹਿਤ ਕਰਦੀ ਹੈ। ਚੰਗੀ ਸੋਚ ਜਿੱਥੇ ਬੱਚੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੀ ਹੈ, ਉੱਥੇ ਭੈੜੀ ਸੋਚ ਅੱਗੇ ਵਧਣ ਵਿੱਚ ਰੋਕਾਂ ਲਗਾਉਂਦੀ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਭੈੜੀ ਸੋਚ ਅਤੇ ਪੈਰ ਦੀ ਮੋਚ ਬੰਦੇ ਨੂੰ ਕਦੇ ਵੀ ਅੱਗੇ ਵਧਣ ਨਹੀਂ ਦਿੰਦੀ। ਮਾਪਿਆਂ ਨੂੰ ਹਮੇਸ਼ਾਂ ਆਪਣੇ ਬੱਚੇ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਸ ਦੀ ਸੰਗਤ ਕਿਹੋ ਜਿਹੀ ਹੈ। ਜੇਕਰ ਭੈੜੀ ਸੰਗਤ ਹੈ ਤਾਂ ਬੱਚਾ ਕੁਰਾਹੇ ਪੈ ਸਕਦਾ ਹੈ, ਪਰ ਜੇਕਰ ਵਧੀਆ ਸੰਗਤ ਹੈ ਤਾਂ ਸਿੱਧੇ ਰਾਹ ਤੁਰਦਾ ਬੱਚਾ ਅੱਗੇ ਵਧਦਾ ਹੈ।
ਆਪਣੇ ਰੁਝੇਵਿਆਂ ਕਾਰਨ ਅੱਜਕੱਲ੍ਹ ਮਾਪੇ ਬੱਚਿਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਸਗੋਂ ਰੋਜ਼ ਜੇਬ ਖ਼ਰਚ ਅਤੇ ਸਮਾਰਟ ਫੋਨ ਲੈ ਕੇ ਦੇਣ ਨਾਲ ਹੀ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਸਮਝਣ ਲੱਗਦੇ ਹਨ। ਘਰ ਵਿੱਚ ਬੱਚਿਆਂ ਨੂੰ ਸਮਾਂ ਦੇਵੋ, ਸਕੂਲ ਅਤੇ ਸਾਥੀਆਂ ਬਾਰੇ ਪੁੱਛੋ। ਘੱਟ ਨੰਬਰ ਆਉਣ ਜਾਂ ਗ਼ਲਤੀ ਕਰਨ ’ਤੇ ਕਦੇ ਵੀ ਝਿੜਕਣਾ ਨਹੀਂ ਚਾਹੀਦਾ ਸਗੋਂ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਘਰ ਵਿੱਚ ਬੱਚੇ ਸਾਹਮਣੇ ਹਮੇਸ਼ਾਂ ਆਪਣੇ ਫੋਨ ਨੂੰ ਚਿੰਬੜੇ ਰਹਿਣਾ ਵੀ ਬੱਚੇ ਵਿੱਚ ਨਿਰਾਸ਼ਤਾ ਪੈਦਾ ਕਰਦਾ ਹੈ ਅਤੇ ਉਹ ਵੀ ਫਿਰ ਫੋਨ ਨੂੰ ਸਾਥੀ ਬਣਾ ਲੈਂਦਾ ਹੈ। ਬੱਚੇ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਉਸ ਨੂੂੰ ਸਾਰੀਆਂ ਸਹੂਲਤਾਂ ਦੇ ਕੇ ਹੀ ਪੂਰੀ ਨਹੀਂ ਹੋ ਜਾਂਦੀ ਹੈ ਸਗੋਂ ਉਸ ਨੂੰ ਸਮਾਂ ਦੇਣਾ ਵੱਧ ਜ਼ਰੂਰੀ ਹੈ।
ਸੰਗਤ ਦਾ ਰੰਗ ਕੇਵਲ ਬੱਚਿਆਂ ਉੱਤੇ ਹੀ ਨਹੀਂ ਚੜ੍ਹਦਾ ਸਗੋਂ ਵੱਡੇ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਬਹੁਤ ਮਿਸਾਲਾਂ ਅਜਿਹੀਆਂ ਮਿਲਦੀਆਂ ਹਨ ਜਿੱਥੇ ਭੈੜੀ ਸੰਗਤ ਨੇ ਮਰਦ ਅਤੇ ਔਰਤਾਂ ਨੂੰ ਕੁਰਾਹੇ ਪਾ ਦਿੱਤਾ ਜਦੋਂ ਕਿ ਚੰਗੀ ਸੰਗਤ ਨੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਸਹਾਇਤਾ ਕੀਤੀ। ਬੁਰੀ ਸੰਗਤ ਤੋਂ ਦੂਰੀ ਹੀ ਉਸਾਰੂ ਸੋਚ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਅੱਗੇ ਵੱਧਣ ਲਈ ਪ੍ਰੇਰਦੀ ਹੈ। ਹਮੇਸ਼ਾਂ ਆਪਣੇ ਮਿੱਤਰਾਂ ਅਤੇ ਸੰਗੀ ਸਾਥੀਆਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਜੇਕਰ ਉਹ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਤੋਂ ਦੂਰ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਬੁਰੀ ਸੰਗਤ ਤੋਂ ਦੂਰ ਰਹਿਣ ਲਈ ਕੁੱਝ ਸੁਝਾਅ ਦਿੱਤੇ ਜਾ ਰਹੇ ਹਨ।
ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਹੈ, ਇਹ ਜਾਣਦਿਆਂ ਹੋਇਆਂ ਕਿ ਇਹ ਬੰਦਾ ਭੈੜਾ ਹੈ, ਸਾਨੂੰ ਉਸ ਦੇ ਨਾਲ ਕੰਮ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਪਤਾ ਹੈ ਕਿ ਤੁਹਾਡਾ ਸਾਥੀ ਰਿਸ਼ਵਤਖੋਰ ਹੈ ਜਾਂ ਕੰਮ ਤੋਂ ਜੀ ਚਰਾਉਂਦਾ ਹੈ ਤਾਂ ਉਸ ਦੇ ਸੰਗ ਤੋਂ ਦੂਰ ਰਹੋ। ਉਹ ਤੁਹਾਨੂੰ ਵੀ ਲਪੇਟਣ ਦੀ ਕੋਸ਼ਿਸ਼ ਕਰੇਗਾ। ਕਈ ਵਾਰ ਲਾਲਚ ਵਿੱਚ ਆ ਕੇ ਬੰਦਾ ਕਮਜ਼ੋਰ ਪੈ ਜਾਂਦਾ ਹੈ, ਪਰ ਆਪਣੇ ਆਪ ਉੱਤੇ ਕਾਬੂ ਪਾ ਕੇ ਉਸ ਦੇ ਰਾਹ ’ਤੇ ਤੁਰਨ ਤੋਂ ਗੁਰੇਜ਼ ਕੀਤਾ ਜਾਵੇ।
ਰਿਸ਼ਵਤਖੋਰੀ, ਨਸ਼ਿਆਂ ਦਾ ਕੋਹੜ ਜਾਂ ਮਿਲਾਵਟ ਖੋਰੀ ਬੁਰੀ ਸੰਗਤ ਦਾ ਹੀ ਨਤੀਜਾ ਹੁੰਦਾ ਹੈ। ਤੁਹਾਡੇ ਸਾਥੀ ਨੇ ਪੈਸੇ ਲੈ ਕੇ ਕਿਸੇ ਦਾ ਕੰਮ ਕਰ ਦਿੱਤਾ ਅਤੇ ਉਹ ਤੁਹਾਨੂੰ ਪਾਰਟੀ ਦੇਣਾ ਚਾਹੁੰਦਾ ਹੈ ਤਾਂ ਬਹਾਨਾ ਬਣਾ ਕੇ ਨਾਂਹ ਕਰ ਦੇਵੋ, ਉਹ ਇਹ ਦੱਸਣ ਦਾ ਵੀ ਯਤਨ ਕਰੇਗਾ ਕਿ ਇਹ ਪੈਸੇ ਤਾਂ ਉਹ ਖ਼ੁਸ਼ ਹੋ ਕੇ ਪਾਰਟੀ ਕਰਨ ਲਈ ਦੇ ਕੇ ਗਿਆ ਹੈ। ਕਈ ਵਾਰ ਤੁਹਾਨੂੰ ਕਿਸੇ ਪਾਰਟੀ ਵਿੱਚ ਜਾਣਾ ਪੈਂਦਾ ਹੈ ਜਿੱਥੇ ਸ਼ਰਾਬ ਵੀ ਪਰੋਸੀ ਗਈ ਹੁੰਦੀ ਹੈ। ਤੁਹਾਡੇ ਦੋਸਤ ਤੁਹਾਨੂੰ ਪੀਣ ਲਈ ਮਜਬੂਰ ਕਰਦੇ ਹਨ। ਕੋਕ ਜਾਂ ਜੂਸ ਵਿੱਚ ਮਿਲਾ ਕੇ ਪਿਲਾਉਣ ਦਾ ਯਤਨ ਕਰਦੇ ਹਨ ਜਾਂ ਦੋਸਤੀ ਦਾ ਵਾਸਤਾ ਪਾ ਕੇ ਬਲੈਕਮੇਲ ਕਰਨਾ ਦਾ ਯਤਨ ਕਰਦੇ ਹਨ ਤਾਂ ਉਦੋਂ ਤੁਹਾਡੀ ਪਰਖ ਦੀ ਘੜੀ ਹੁੰਦੀ ਹੈ। ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਉਨ੍ਹਾਂ ਸਾਥੀਆਂ ਨਾਲ ਬੈਠਿਆ ਹੀ ਨਾ ਜਾਵੇ ਜਿੱਥੇ ਸ਼ਰਾਬ ਪਰੋਸੀ ਜਾ ਰਹੀ ਹੈ। ਜੇਕਰ ਬੈਠਣਾ ਹੀ ਪੈ ਜਾਵੇ ਤਾਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰੋ ਕਿ ਤੁਸੀਂ ਥਿੜਕ ਨਾ ਸਕੋ। ਜੇਕਰ ਗੱਲਾਂ ਵਿੱਚ ਆ ਕੇ ਇੱਕ ਵਾਰ ਸੁਆਦ ਵੇਖ ਲਿਆ ਫਿਰ ਹੇਠਾਂ ਵੱਲ ਰੁੜ੍ਹਨਾ ਸ਼ੁਰੂ ਹੋ ਜਾਵੋਗੇ।
ਕਈ ਵਾਰ ਅਸੀ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਰਾਹ ਦੀ ਖ਼ੂਬਸੂਰਤੀ ਵੇਖ ਉਸੇ ਪਾਸੇ ਤੁਰ ਪੈਂਦੇ ਹਾਂ। ਪਲ ਭਰ ਦੇ ਸੁੱਖ ਲਈ ਅਸੀਂ ਕੁਰਾਹੇ ਪੈ ਜਾਂਦੇ ਹਾਂ। ਇਹ ਸੁੱਖ ਵੀ ਨਹੀਂ ਹੁੰਦਾ ਸਗੋਂ ਦੁੱਖਾਂ ਦੀ ਨੀਂਹ ਰੱਖਦਾ ਹੈ। ਅਜਿਹੇ ਖਾਣ ਪੀਣ ਵਿੱਚ ਉਲਝ ਜਾਂਦੇ ਹਾਂ ਜਿਸ ਦੇ ਨਤੀਜੇ ਭੈੜੇ ਨਿਕਲਦੇ ਹਨ। ਅਜਿਹੇ ਰਾਹ ਤੁਰਨ ਤੋਂ ਪਹਿਲਾਂ ਵਿਚਾਰ ਕਰੋ ਕਿ ਇਹ ਰਾਹ ਕਿਹੜੇ ਪਾਸੇ ਜਾਂਦਾ ਹੈ। ਆਪਣੇ ਲਈ ਜਿਹੜੀ ਮੰਜ਼ਿਲ ਤੁਸੀਂ ਮਿੱਥੀ ਹੈ ਪਤਾ ਕਰੋ ਇਹ ਰਾਹ ਉਸੇ ਪਾਸੇ ਜਾਂਦਾ ਹੈ। ਜੇਕਰ ਇਹ ਰਾਹ ਤੁਹਾਨੂੰ ਕੁਰਾਹੇ ਪਾ ਰਿਹਾ ਹੈ ਤਾਂ ਬਿਨਾਂ ਦੇਰ ਕੀਤਿਆਂ ਆਪਣਾ ਰਾਹ ਬਦਲੋ। ਰਾਹ ਦੀਆਂ ਰੰਗੀਨੀਆਂ ਵੇਖ ਰਾਹੋਂ ਭਟਕਿਆ ਇਨਸਾਨ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ। ਆਪਣੀ ਮੰਜ਼ਿਲ ਬਾਰੇ ਫ਼ੈਸਲਾ ਕਰੋ, ਫਿਰ ਉੱਥੇ ਪੁੱਜਣ ਲਈ ਰਾਹ ਦੀ ਤਲਾਸ਼ ਕਰੋ। ਜਦੋਂ ਮੰਜ਼ਿਲ ਦਾ ਪਤਾ ਹੋਵੇ ਫਿਰ ਔਖੇ ਰਾਹਾਂ ’ਤੇ ਤੁਰਨ ਦੀ ਹਿੰਮਤ ਵੀ ਆਪਣੇ ਆਪ ਆ ਜਾਂਦੀ ਹੈ। ਥੋੜ੍ਹਾ ਔਖਾ ਹੋਇਆਂ ਤੇ ਮਿਹਨਤ ਕੀਤਿਆਂ ਹੀ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰ ਅਸੀਂ ਮੰਜ਼ਿਲ ਬਾਰੇ ਜਾਣਦੇ ਹੁੰਦੇ ਹਾਂ। ਇਹ ਵੀ ਪਤਾ ਹੁੰਦਾ ਹੈ ਕਿ ਰਾਹ ਕਿਹੜਾ ਜਾਂਦਾ ਹੈ। ਰਾਹ ਦੀਆਂ ਦੁਸ਼ਵਾਰੀਆਂ ਤੋਂ ਪੱਲਾ ਛੁਡਾਉਣ ਲਈ ਅਸੀਂ ਗ਼ਲਤ ਰਾਹ ਜਾਂ ਛੋਟਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਹੁੁਤੀ ਵਾਰ ਅਜਿਹੇ ਰਾਹਾਂ ਦਾ ਰਾਹੀ ਰਾਹ ਵਿੱਚ ਹੀ ਉਲਝ ਜਾਂਦਾ ਹੈ ਅਤੇ ਆਪਣੀ ਮੰਜ਼ਿਲ ’ਤੇ ਪੁੱਜ ਨਹੀਂ ਸਕਦਾ। ਜੇਕਰ ਕਿਸੇ ਤਰ੍ਹਾਂ ਮੰਜ਼ਿਲ ਉੱਤੇ ਪੁੱਜ ਵੀ ਜਾਵੇ ਤਾਂ ਉਹ ਇਸ ਪ੍ਰਾਪਤੀ ਦਾ ਅਨੰਦ ਨਹੀਂ ਮਾਣ ਸਕਦਾ ਕਿਉਂਕਿ ਇੱਥੇ ਆ ਕੇ ਵੀ ਉਹ ਸਫਲਤਾ ਲਈ ਗ਼ਲਤ ਤਰੀਕੇ ਅਪਣਾਵੇਗਾ, ਜਿਸ ਦਾ ਨਤੀਜਾ ਤਾਂ ਭੈੜਾ ਹੀ ਹੁੰਦਾ ਹੈ। ਹਰੇਕ ਕਰਮ ਦਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ। ਦੇਰ ਭਾਵੇਂ ਹੋ ਜਾਵੇ, ਪਰ ਪ੍ਰਤੀਕਰਮ ਜ਼ਰੂਰ ਹੁੰਦਾ ਹੈ, ਆਪਣੇ ਕਰਮਾਂ ਦਾ ਫ਼ਲ ਤਾਂ ਭੁਗਤਣਾ ਹੀ ਪੈਂਦਾ ਹੈ।
ਪੜ੍ਹਾਈ ਵਾਲੀ ਸੰਸਥਾ ਜਾਂ ਕੰਮ ਕਾਜ ਵਾਲੀ ਥਾਂ ਤੁਹਾਨੂੰ ਨਵੇਂ ਸਾਥੀ ਮਿਲਦੇ ਹਨ। ਉਨ੍ਹਾਂ ਨਾਲ ਤੁਹਾਨੂੰ ਰਹਿਣਾ ਹੀ ਪੈਣਾ ਹੈ, ਪਰ ਉਨ੍ਹਾਂ ਦੇ ਕਿਰਦਾਰ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰੋ। ਕੰਮਕਾਜ ਕਰਦਿਆਂ ਜਾਂ ਨਾਲ ਵਿਚਰਦਿਆਂ ਤੁਹਾਨੂੰ ਪਤਾ ਹੀ ਲੱਗ ਜਾਵੇਗਾ ਕਿ ਉਹ ਮਿਹਨਤੀ ਹੈ ਜਾਂ ਕੰਮਚੋਰ ਹੈ। ਕੰਮਚੋਰ ਹਮੇਸ਼ਾਂ ਘੱਟ ਕੰਮ ਕਰਨ ਲਈ ਪ੍ਰੇਰਿਤ ਕਰੇਗਾ, ਪੜ੍ਹਾਈ ਵਿੱਚ ਉਹ ਨਕਲ ਮਾਰਨ ਦੀ ਸਲਾਹ ਦੇਵੇਗਾ। ਕੰਮਕਾਜ ਵਾਲੀ ਥਾਂ ਉਹ ਘੱਟ ਕੰਮ ਕਰਨ ਦੇ ਫਾਇਦੇ ਗਿਣਾਵੇਗਾ। ਉਹ ਆਖੇਗਾ ਕਿ ਜੇਕਰ ਵੱਧ ਕੰਮ ਕਰੋਗੇ ਤਾਂ ਤੁਹਾਨੂੰ ਹੋਰ ਵੱਧ ਕੰਮ ਕਰਨ ਨੂੰ ਆਖਿਆ ਜਾਵੇਗਾ। ਉਹ ਇਹ ਵੀ ਆਖੇਗਾ ਕਿ ਵੱਧ ਕੰਮ ਕਰੋਗੇ ਤਾਂ ਗ਼ਲਤੀਆਂ ਵੀ ਹੋਣਗੀਆਂ। ਵੱਧ ਕੰਮ ਦੀ ਕੋਈ ਪ੍ਰਸ਼ੰਸਾ ਨਹੀਂ ਕਰਦਾ, ਪਰ ਗ਼ਲਤੀ ਦੀ ਸਜ਼ਾ ਜ਼ਰੂਰ ਮਿਲਦੀ ਹੈ। ਪੜ੍ਹਾਈ ਜਾਂ ਨੌਕਰੀ ਦੇ ਸਮੇਂ ਜੇਕਰ ਕੋਈ ਸਾਥੀ ਪੜ੍ਹਾਈ ਜਾਂ ਕੰਮ ਛੱਡ ਇੱਧਰ ਉੱਧਰ ਜਾਣ ਲਈ ਆਖੇਗਾ ਤਾਂ ਸਮਝੋ ਕਿ ਉਹ ਮਿਹਨਤੀ ਅਤੇ ਇਮਾਨਦਾਰ ਨਹੀਂ ਹੈ। ਕੰਮ ਤੋਂ ਕੰਨੀ ਕਤਰਾਉਣਾ ਵੀ ਬੇਈਮਾਨੀ ਹੀ ਹੁੰਦੀ ਹੈ। ਉਸ ਦੀ ਸਲਾਹ ਹੁੰਦੀ ਹੈ ਕਿ ਕੰਮ ਕਰਨ ਦੀ ਥਾਂ ਆਪਣੇ ਬੌਸ ਜਾਂ ਅਧਿਆਪਕ ਨੂੰ ਖ਼ੁਸ਼ ਰੱਖੋ। ਇੱਥੇ ਗਧੇ ਘੋੜੇ ਬਰਾਬਰ ਹੀ ਹਨ। ਤਰੱਕੀ ਤਾਂ ਵਾਰੀ ਆਉਣ ’ਤੇ ਹੀ ਹੋਣੀ ਹੈ। ਮੇਰੀ ਇਹ ਸਲਾਹ ਨਹੀਂ ਕਿ ਅਜਿਹੇ ਲੋਕਾਂ ਨਾਲ ਬੋਲਣਾ ਬੰਦ ਕਰ ਦੇਵੋ ਜਾਂ ਲੜਾਈ ਕਰੋ, ਪਰ ਥੋੜ੍ਹੀ ਦੂਰੀ ਬਣਾਈ ਰੱਖੋ। ਅਜਿਹੇ ਬੰਦਿਆਂ ਦੀ ਨਾ ਦੋਸਤੀ ਚੰਗੀ ਹੁੰਦੀ ਹੈ ਅਤੇ ਨਾ ਹੀ ਦੁਸ਼ਮਣੀ ਚੰਗੀ ਹੁੰਦੀ ਹੈ। ਦੋਸਤੀ ਉਨ੍ਹਾਂ ਨਾਲ ਕਰੋ ਜਿਹੜੇ ਮਿਹਨਤ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਣ, ਔਖ ਦੀ ਘੜੀ ਹੌਸਲਾ ਦੇਣ ਅਤੇ ਅੱਗੇ ਵਧਣ ਦਾ ਰਾਹ ਵਿਖਾਉਣ।
ਕਈ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜੇਕਰ ਤੁਹਾਡੇ ਤਾਈਂ ਕੰਮ ਹੈ ਤਾਂ ਉਹ ਨੇੜੇ ਹੋ-ਹੋ ਢੁੱਕਣਗੇ। ਆਪਣੇ ਆਪ ਨੂੰ ਤੁਹਾਡਾ ਸੱਚਾ ਖੈਰਖਾਹ ਦੱਸਣਗੇ। ਸਾਡੇ ਸੱਭਿਆਚਾਰ ਵਿੱਚ ਅਜਿਹੇ ਦੋਸਤਾਂ ਨੂੰ ਫ਼ਸਲੀ ਬਟੇਰੇ ਆਖਿਆ ਜਾਂਦਾ ਹੈ। ਜਦੋਂ ਉਨ੍ਹਾਂ ਦਾ ਮਤਲਬ ਨਿਕਲ ਗਿਆ ਤਾਂ ਉਹ ਹੌਲੀ-ਹੌਲੀ ਤੁਹਾਤੋਂ ਦੂਰ ਹੋਣ ਲੱਗ ਪੈਣਗੇ। ਕਈ ਤਾਂ ਅਜਿਹੇ ਹੁੰਦੇ ਹਨ ਜਿਹੜੇ ਰਾਤੋ ਰਾਤ ਅੱਖਾਂ ਫੇਰ ਲੈਂਦੇ ਹਨ। ਕੁੱਝ ਅਜਿਹੇ ਵੀ ਹੁੰਦੇ ਹਨ ਕਿ ਜਦੋਂ ਤੱਕ ਤੁਹਾਡੇ ਥੱਲੇ ਕੁਰਸੀ ਹੈ, ਉਹ ਆਪਣੇ ਆਪ ਨੂੰ ਤੁਹਾਡੇ ਸਭ ਤੋਂ ਵੱਧ ਵਫ਼ਾਦਾਰ ਸਾਬਤ ਕਰਨ ਦਾ ਯਤਨ ਕਰਨਗੇ, ਲੋੜ ਤੋਂ ਵੱਧ ਖੁਸ਼ਾਮਦ ਕੀਤੀ ਜਾਵੇਗੀ ਅਤੇ ਦੂਜਿਆਂ ਦੇ ਖ਼ਿਲਾਫ਼ ਤੁਹਾਡੇ ਕੰਨ ਭਰੇ ਜਾਣਗੇ। ਤੁਹਾਡੇ ਨਿੱਜੀ ਕੰਮ ਵੀ ਅੱਗੇ ਹੋ ਕੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨਗੇ। ਆਪਣੀ ਦੋਸਤੀ ਦਾ ਦੂਜਿਆਂ ’ਤੇ ਰੋਹਬ ਵੀ ਪਾਉਣਗੇ। ਕਈ ਤਾਂ ਦੂਜਿਆਂ ਦੇ ਕੰਮ ਕਰਵਾਉਣ ਦੇ ਵਾਅਦੇ ਕਰਕੇ ਉਨ੍ਹਾਂ ਤੋਂ ਤੁਹਾਡਾ ਨਾਮ ਵਰਤ ਲਾਹਾ ਵੀ ਲੈਣਗੇ। ਜਦੋਂ ਤੁਸੀਂ ਸੇਵਾਮੁਕਤ ਹੋ ਗਏ ਤਾਂ ਉਹ ਤੁਹਾਨੂੰ ਆਉਂਦਾ ਵੇਖ ਰਸਤਾ ਹੀ ਬਦਲ ਲੈਣਗੇ। ਅਜਿਹੇ ਮਤਲਬੀ ਯਾਰਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਜਿਹੜੇ ਤੁਹਾਡੀ ਖੁਸ਼ਾਮਦ ਕਰਦੇ ਹਨ, ਦੂਜਿਆਂ ਦੀ ਬੁਰਾਈ ਕਰਦੇ ਹਨ, ਤੁਹਾਡੇ ਲੋੜ ਤੋਂ ਵੱਧ ਖੈਰਖਾਹ ਬਣਦੇ ਹਨ ਉਨ੍ਹਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਅਜਿਹੇ ਸਾਥੀ ਤੁਹਾਡੇ ਸ਼ੁਭਚਿੰਤਕ ਨਹੀਂ ਹੁੰਦੇ ਸਗੋਂ ਮਤਲਬੀ ਯਾਰ ਹੁੰਦੇ ਹਨ।
ਦੋਸਤੀ ਦੀ ਪਰਖ ਔਖੀ ਘੜੀ ਵੇਲੇ ਹੁੰਦੀ ਹੈ। ਔਖੀ ਘੜੀ ਵੇਲੇ ਜਿਹੜਾ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ ਅਤੇ ਤੁਹਾਨੂੰ ਔਖ ਵਿੱਚੋਂ ਕੱਢਣ ਲਈ ਆਪਣੀ ਪੂਰੀ ਤਾਕਤ ਲਗਾ ਦਿੰਦਾ ਹੈ, ਸੱਚਾ ਸਾਥੀ ਉਹ ਹੀ ਹੁੰਦਾ ਹੈ। ਅਜਿਹੇ ਦੋਸਤਾਂ ਦੇ ਸੰਗ ਨਾਲ ਹੀ ਮਨੁੱਖ ਉੱਚੀਆਂ ਉਡਾਰੀਆਂ ਮਾਰਦਾ ਹੈ। ਮਨੁੱਖ ਇੱਕ ਸਮਾਜਿਕ ਜੀਵ ਹੈ, ਉਸ ਨੂੰ ਸਾਥ ਚਾਹੀਦਾ ਹੈ। ਜੇਕਰ ਸਾਥੀ ਸੱਚਾ ਦੋਸਤ ਹੈ ਤਾਂ ਸਮਝੋ ਜੀਵਨ ਸਵਰਗ ਬਣ ਗਿਆ ਨਹੀਂ ਤਾਂ ਨਰਕ ਵੀ ਇਸੇ ਧਰਤੀ ’ਤੇ ਨਜ਼ਰ ਆ ਜਾਂਦਾ ਹੈ। ਇਹ ਸੱਚ ਪਰਿਵਾਰ ਦੇ ਮੈਂਬਰਾਂ ਉੱਤੇ ਵੀ ਢੁੱਕਦਾ ਹੈ। ਜੋ ਬਿਪਤਾ ਸਮੇਂ ਤੁਹਾਡਾ ਸਾਥ ਛੱਡ ਦਿੰਦਾ ਹੈ ਤਾਂ ਉਹ ਤੁਹਾਡਾ ਦੋਸਤ ਜਾਂ ਰਿਸ਼ਤੇਦਾਰ ਨਹੀਂ ਹੋ ਸਕਦਾ। ਉਹ ਕੇਵਲ ਮਤਲਬੀ ਹੀ ਬਣ ਕੇ ਰਹਿ ਜਾਂਦਾ ਹੈ।
ਦੋਸਤਾਂ ਨੂੰ ਪਹਿਚਾਣੋ। ਹਮੇਸ਼ਾਂ ਉਨ੍ਹਾਂ ਨਾਲ ਦੋਸਤੀ ਕਰੋ ਜਿਨ੍ਹਾਂ ਦੀ ਸੰਗਤ ਤੁਹਾਨੂੰ ਅਛਾਈ ਦੇ ਰਾਹ ਤੋਰਦੀ ਹੈ। ਉਹ ਦੁੱਖ ਦੀ ਘੜੀ ਤੁਹਾਡੇ ਨਾਲ ਖੜ੍ਹੇ ਹੁੰਦੇ ਹਨ ਤੇ ਹਮੇਸ਼ਾਂ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਹਨ। ਚੜ੍ਹਦੀ ਕਲਾ ਵਿੱਚ ਰਹਿਣ ਲਈ ਦੋਸਤਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਹਮੇਸ਼ਾਂ ਉਨ੍ਹਾਂ ਲੋਕਾਂ ਦਾ ਸਾਥ ਮਾਣੋਂ ਜਿਹੜੇ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਨਾ ਹੀ ਨਹੀਂ ਦਿੰਦੇ ਸਗੋਂ ਤੁਹਾਡੀ ਪੂਰੀ ਮਦਦ ਵੀ ਕਰਦੇ ਹਨ। ਪਿਛਾਂਹ ਖਿੱਚੂ ਸੋਚ ਵਾਲੇ ਹਮੇਸ਼ਾਂ ਟੰਗ ਖਿਚਾਈ ਹੀ ਕਰਦੇ ਹਨ, ਉਹ ਅੱਗੇ ਵਧਣ ਦੇ ਖਤਰੇ ਦੱਸ ਤੁਹਾਡੇ ਹੌਸਲੇ ਤੋੜਨ ਦਾ ਯਤਨ ਕਰਦੇ ਹਨ। ਅਜਿਹੇ ਸੰਗੀ ਸਾਥੀਆਂ ਤੋਂ ਸਾਵਧਾਨ ਰਹੋ। ਜੀਵਨ ਵਿੱਚ ਸਫਲਤਾ ਅਤੇ ਜੀਵਨ ਦਾ ਅਨੰਦ ਮਾਣਨ ਲਈ ਚੜ੍ਹਦੀ ਕਲਾ ਜ਼ਰੂਰੀ ਹੈ, ਇਸ ਵਿੱਚ ਸੱਚੇ ਦੋਸਤ ਹਮੇਸ਼ਾਂ ਸਹਾਈ ਹੁੰਦੇ ਹਨ।