ਜੈਸਮੀਨ ਕੌਰ ਨੇ ਸੀਡੀਐੱਸ ਦੀ ਮੈਰਿਟ ’ਚ ਥਾਂ ਬਣਾਈ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 27 ਮਈ
ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ (ਯੂਪੀਐੱਸਸੀ ਵਿੰਗ) ਖਡੂਰ ਸਾਹਿਬ ਦੀ ਬੀ.ਏ. ਸੋਸ਼ਲ ਸਟੱਡੀਜ਼ ਭਾਗ ਤੀਸਰਾ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਸੁਖਵੀਰ ਸਿੰਘ ਮਾਨ ਨੇ ਯੂਪੀਐੱਸਸੀ ਵੱਲੋਂ ਜਾਰੀ ਸੀਡੀਐੱਸ (ਓਟੀਏ ਵਿਮੈਨ) ਇਮਤਿਹਾਨ ਦੀ ਫਾਈਨਲ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਜੈਸਮੀਨ ਕੌਰ ਨੇ ਇਸ ਮੈਰਿਟ ਸੂਚੀ ਵਿੱਚ ਪੂਰੇ ਭਾਰਤ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਉਕਤ ਵਿਦਿਆਰਥਣ ਨੇ ਸਾਲ 2022 ਵਿੱਚ ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਜ਼ ਦੇ ਗ੍ਰੈਜੂਏਸ਼ਨ ਪ੍ਰੋਗਰਾਮ ਵਿੱਚ ਦਾਖ਼ਲਾ ਲੈ ਕੇ ਯੂਪੀਐੱਸਸੀ ਇਮਤਿਹਾਨਾਂ ਦੀ ਤਿਆਰੀ ਆਰੰਭ ਕੀਤੀ ਸੀ। ਲਿਖਤੀ ਇਮਤਿਹਾਨ ਵਿੱਚ ਸਫ਼ਲਤਾ ਤੋਂ ਬਾਅਦ ਇਸ ਵਿਦਿਆਰਥਣ ਨੂੰ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਐੱਸ.ਐੱਸ.ਬੀ. ਟਰੇਨਿੰਗ ਦਿੱਤੀ ਗਈ ਅਤੇ ਇਸ ਸੰਬੰਧੀ ਸਪੈਸ਼ਲ ਟ੍ਰੇਨਿੰਗ ਵਾਸਤੇ ਨੋਇਡਾ ਵੀ ਭੇਜਿਆ ਗਿਆ ਸੀ। ਇਸ ਉਪਰੰਤ ਵਿਦਿਆਰਥਣ ਨੇ ਮੈਡੀਕਲ ਕਲੀਅਰ ਕੀਤਾ ਅਤੇ ਹੁਣ ਸਮੁੱਚੇ ਭਾਰਤ ਵਿੱਚ ਸੀਡੀਐੱਸ (ਓ. ਟੀ. ਏ) ਇਮਤਿਹਾਨ ਦੇ ਅੰਤਰਗਤ ਚੁਣੀਆਂ ਗਈਆਂ 64 ਲੜਕੀਆਂ ਵਿੱਚ ਚੌਥਾ ਰੈਂਕ ਹਾਸਿਲ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਿਦਿਆਰਥਣ ਦੀ ਲਗਨ ਅਤੇ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਦੌਰਾਨ ਨਿਸ਼ਾਨ-ਏ-ਸਿੱਖੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਵਿਦਿਆਰਥਣ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।