ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ
ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 24 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਕ ਵਿੱਚ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਬਾਇਓ ਡਾਈਵਰਸਿਟੀ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਬਾਇਓ ਡਾਈਵਰਸਟੀ ਬੋਰਡ ਦੇ ਸਹਿਯੋਗ ਨਾਲ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿਚ ਜੈਵਿਕ ਵਿਭਿੰਨਤਾ ਸੰਭਾਲ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਮੁੱਖ ਮੰਤਵ ‘ਕੁਦਰਤ ਨਾਲ ਸਾਂਝ ਅਤੇ ਸਥਾਈ ਵਿਕਾਸ’ ਬੈਨਰ ਹੇਠ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਮੌਜੂਦ ਜੀਵਾਂ ਪ੍ਰਤੀ ਪਿਆਰ ਤੇ ਸੇਵਾ ਦੀ ਭਾਵਨਾ ਪੈਦਾ ਕਰਕੇ ਇਹਨਾਂ ਦੀ ਸਾਂਭ ਸੰਭਾਲ ਤੇ ਹਿਫ਼ਾਜ਼ਤ ਲਈ ਪ੍ਰੇਰਿਤ ਕਰਨਾ ਸੀ। ਵਿਸ਼ਵ ਦੇ ਕੁੱਲ ਜੀਵ ਜੰਤੂਆਂ ਦੀ ਸੁਰੱਖਿਆ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੇ ਜੰਗਲਾਂ, ਧਰਤੀ, ਵਾਤਾਵਰਨ ਅਤੇ ਵਧ ਰਹੇ ਪ੍ਰਦੂਸ਼ਣ, ਜੀਵਾਂ ਦੀਆਂ ਖਤਮ ਹੋ ਰਹੀਆਂ ਪ੍ਰਜਾਤੀਆਂ,ਗਲੋਬਲ ਵਾਰਮਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਆਪਣੇ ਵਿਚਾਰ,ਗੀਤ, ਕਵਿਤਾਵਾਂ ਪੇਸ਼ ਕਰਕੇ ਸੰਸਾਰ ਵਿੱਚ ਹਰ ਇੱਕ ਜੀਵ, ਜੰਤੂ, ਪੌਦਿਆਂ ਦੀ ਸੰਭਾਲ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ, ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ, ਕਰਨੈਲ ਸਿੰਘ ਸਾਇੰਸ ਮਾਸਟਰ, ਗੁਰਦੀਪ ਸਿੰਘ ਲੈਕਚਰਾਰ ਪੰਜਾਬੀ, ਲਖਬੀਰ ਸਿੰਘ ਲੈਕਚਰਾਰ ਕੈਮਿਸਟਰੀ, ਸੁਖਵਿੰਦਰ ਕੌਰ ਮਡਾਹੜ, ਅੰਜਨ ਅੰਜੂ ਨੇ ਵਿਦਿਆਰਥੀਆਂ ਨੂੰ ਪੰਛੀਆਂ, ਮਿੱਤਰ ਕੀਟਾ, ਪੌਦਿਆਂ ਵੱਲੋਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਬਾਰੇ ਦੱਸਿਆ।