ਜੈਦੀਪ ਕਰਮਾਕਰ ਦੀ ਮੁਅੱਤਲੀ ’ਤੇ ਚਰਚਾ ਕਰੇਗੀ ਐੱਨਆਰਏਆਈ
ਨਵੀਂ ਦਿੱਲੀ, 27 ਮਾਰਚ
ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨੇ ਅੱਜ ਕਿਹਾ ਕਿ ਸੂਬਾ ਇਕਾਈ ਵੱਲੋਂ ਪੱਛਮੀ ਬੰਗਾਲ ਵਿੱਚ ਸਾਰੀਆਂ ਨਿਸ਼ਾਨੇਬਾਜ਼ੀ ਸਰਗਰਮੀਆਂ ਵਿੱਚੋਂ ਅਰਜੁਨ ਐਵਾਰਡੀ ਜੈਦੀਪ ਕਰਮਾਕਰ ਦੀ ਮੁਅੱਤਲੀ ’ਤੇ ‘ਢੁੱਕਵੇਂ ਪੱਧਰ’ ਉੱਤੇ ਚਰਚਾ ਕੀਤੀ ਜਾਵੇਗੀ। ਐੱਨਆਰਏਆਈ ਨੇ ਇਹ ਗੱਲ ਕਰਮਾਕਰ ਦਾ ਪੱਤਰ ਮਿਲਣ ਤੋਂ ਬਾਅਦ ਆਖੀ ਹੈ।
ਪੱਛਮੀ ਬੰਗਾਲ ਰਾਈਫਲ ਐਸੋਸੀਏਸ਼ਨ (ਡਬਲਿਊਬੀਆਰਏ) ਨੇ ਕਰਮਾਕਰ (ਜੋ ਹੁਣ ਰਾਈਫਲ ਕੋਚ ਹੈ) ਵੱਲੋਂ ਇਸੇ ਸਾਲ ਦੇ ਸ਼ੁਰੂ ’ਚ ਉੱਤਰਾਖੰਡ ’ਚ ਹੋਈਆਂ ਕੌਮੀ ਖੇਡਾਂ ਲਈ ਚੋਣ ’ਤੇ ਸਵਾਲ ਉਠਾਉਣ ਕਾਰਨ ਉਸ ’ਤੇ ਸੂਬੇ ’ਚ ਨਿਸ਼ਾਨੇਬਾਜ਼ੀ (ਸ਼ੂਟਿੰਗ) ਨਾਲ ਸਬੰਧਤ ਸਰਗਰਮੀਆਂ ’ਚ ਸ਼ਾਮਲ ਹੋਣ ’ਤੇ ਪਾਬੰਦੀ ਲਾ ਦਿੱਤੀ ਸੀ।
ਐੱਨਆਰਏਆਈ ਦੇ ਸੈਕਟਰੀ ਰਾਜੀਵ ਭਾਟੀਆ ਨੇ ਕਿਹਾ, ‘‘ਇਸ ਬਾਰੇ ਢੁੱਕਵੇਂ ਪੱਧਰ ’ਤੇ ਚਰਚਾ ਕੀਤੀ ਜਾਵੇਗੀ। ਇਹ (ਕਰਮਾਕਰ ਦਾ ਪੱਤਰ) ਲੰਘੇ ਦਿਨ ਆਇਆ ਸੀ। ਇਹ ਐੱਨਆਰਏਆਈ ਦੇ ਪ੍ਰਧਾਨ ਕੋਲ ਜਾਵੇਗਾ।’’
ਦੱਸਣਯੋਗ ਹੈ ਕਿ ਕਰਮਾਕਰ ਨੇ ਦੋਸ਼ ਲਾਇਆ ਸੀ ਕਿ ਡਬਲਿਊਬੀਆਰਏ ਦੇ ਕੁਝ ਅਧਿਕਾਰੀ ਕਥਿਤ ਭ੍ਰਿਸ਼ਟਾਚਾਰ ’ਚ ਸ਼ਾਮਲ ਸਨ ਤੇ ਕੌਮੀ ਖੇਡਾਂ ਲਈ ਸੂਬੇ ਦੀ ਟੀਮ ਦੀ ਚੋਣ ਸਹੀ ਢੰਗ ਨਹੀਂ ਕੀਤੀ ਗਈ ਸੀ। ਇਸ ਮਗਰੋਂ ਡਬਲਿਊਬੀਆਰਏ ਨੇ ਕਰਮਾਕਰ ਨੂੰ 12 ਫਰਵਰੀ ਨੂੰ ਸਾਰੇ ਨਿਸ਼ਾਨੇਬਾਜ਼ੀ ਮੁਕਾਬਲਿਆਂ ’ਚ ਹਿੱਸਾ ਲੈਣ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਕਰਮਾਕਰ ਨੇ ਐੱਨਆਰਏਆਈ ਤੋਂ ਇਸ ਮਾਮਲੇ ਦੇ ਹੱਲ ਲਈ ਦਖਲ ਮੰਗਿਆ ਹੈ।
ਡਬਲਿਊਬੀਆਰਏ ਨੇ ਕਿਹਾ ਸੀ ਕਿ ਮੁਅੱਤਲੀ ਦੇ ਫ਼ੈਸਲੇ ਦੇ ਪਹਿਲਾਂ ਐਸੋਸੀਏਸ਼ਨ ਨੇ ਕਰਮਾਕਰ ਨੂੰ ਸੋਸ਼ਲ ਮੀਡੀਆ ’ਤੇ ਉਸ ਦੀ ਇਤਰਾਜ਼ਯੋਗ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਭੇਜਿਆ ਸੀ। -ਪੀਟੀਆਈ