ਜੇ ਰਿਜ਼ਕ ਰਜਾਈ ਦੇਸੋਂ ਮਿਲ ਜਾਏ...
ਹਰਪ੍ਰੀਤ ਕੌਰ ਸੰਧੂ
ਪਰਵਾਸ ਜਾਂ ਹਿਜਰਤ ਇਹ ਸ਼ਬਦ ਸੁਣਨ ਨੂੰ ਬਹੁਤ ਸੌਖੇ ਲੱਗਦੇ ਹੋਣਗੇ, ਬੋਲਣੇ ਵੀ ਆਸਾਨ ਹਨ, ਪਰ ਇਨ੍ਹਾਂ ਨੂੰ ਸਹਿਣ ਕਰਨਾ ਬਹੁਤ ਔਖਾ ਹੈ। ਬੰਦਾ ਜਿੱਥੇ ਜੰਮਦਾ ਹੈ, ਜਿੱਥੇ ਉਸ ਨੂੰ ਸੁਰਤ ਆਉਂਦੀ ਹੈ, ਉਸ ਆਲੇ-ਦੁਆਲੇ ਨਾਲ ਉਸ ਦਾ ਬਹੁਤ ਪਿਆਰ ਹੁੰਦਾ ਹੈ। ਉਹ ਹਮੇਸ਼ਾਂ ਉੱਥੇ ਹੀ ਰਹਿਣਾ ਚਾਹੁੰਦਾ ਹੈ। ਉਹ ਆਲਾ-ਦੁਆਲਾ ਉਸ ਦਾ ਆਪਣਾ ਹੁੰਦਾ ਹੈ। ਉੱਥੋਂ ਦੇ ਵਸਨੀਕ ਉਸ ਦੇ ਆਪਣੇ ਨਜ਼ਦੀਕੀ ਹੁੰਦੇ ਹਨ। ਜਿਨ੍ਹਾਂ ਦੇ ਨਾਲ ਉਹ ਵੱਡਾ ਹੁੰਦਾ ਹੈ, ਉਹੀ ਉਸ ਦੇ ਅਸਲੀ ਸਾਥੀ ਹੁੰਦੇ ਹਨ।
ਦੂਜੇ ਪਾਸੇ ਮੁੱਢ ਕਾਲ ਤੋਂ ਹੀ ਹਿਜਰਤ ਜਾਂ ਪਰਵਾਸ ਜ਼ਿੰਦਗੀ ਨਾਲ ਜੁੜਿਆ ਰਿਹਾ ਹੈ। ਆਦਿ ਮਨੁੱਖ ਤਾਂ ਇੱਕ ਥਾਂ ’ਤੇ ਟਿਕ ਕੇ ਬਹਿੰਦਾ ਹੀ ਨਹੀਂ ਸੀ, ਪਰ ਥਾਂ ਬਦਲਣ ਦਾ ਦਰਦ ਕਿਤੇ ਉਸ ਨੂੰ ਵੀ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ। ਪੱਕਾ ਟਿਕਾਣਾ ਹਰ ਇੱਕ ਨੂੰ ਚੰਗਾ ਲੱਗਦਾ ਹੈ, ਫਿਰ ਉਹ ਮਨੁੱਖ ਹੋਵੇ ਜਾਂ ਜਾਨਵਰ। ਹੌਲੀ ਹੌਲੀ ਜਿਵੇਂ ਜਿਵੇਂ ਸੱਭਿਅਤਾ ਨੇ ਤਰੱਕੀ ਕੀਤੀ ਮਨੁੱਖ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ। ਹੌਲੀ ਹੌਲੀ ਪਿੰਡਾਂ ਤੇ ਸ਼ਹਿਰਾਂ ਦਾ ਨਿਰਮਾਣ ਤੇ ਵਿਕਾਸ ਹੋਇਆ।
ਪਹਿਲੋ ਪਹਿਲ ਮਨੁੱਖ ਨੂੰ ਪਤਾ ਹੀ ਨਹੀਂ ਹੋਣਾ ਕਿ ਕੋਈ ਹੋਰ ਦੇਸ਼ ਵੀ ਹੈ। ਉਸ ਨੂੰ ਪਹੀਏ ਦੀ ਕਾਢ ਤੋਂ ਪਹਿਲਾਂ ਇਹ ਨਹੀਂ ਪਤਾ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਣਾ ਇੰਨਾ ਸੁਖਾਲਾ ਹੋ ਸਕਦਾ ਹੈ, ਪਰ ਹੌਲੀ ਹੌਲੀ ਉਸ ਨੂੰ ਇਹ ਸਮਝ ਆਉਣ ਲੱਗੀ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸੌਖਾ ਹੀ ਹੈ। ਇਸ ਦੇ ਨਾਲ ਹੀ ਵਾਪਸ ਮੁੜਨ ਦੀ ਤਾਂਘ ਹਮੇਸ਼ਾਂ ਰਹਿੰਦੀ ਹੋਵੇਗੀ। ਫਿਰ ਜਿਵੇਂ ਜਿਵੇਂ ਸਮਾਂ ਵਧਦਾ ਗਿਆ, ਉਸ ਨੇ ਹੋਰ ਦੇਸ਼ਾਂ ਦੀ ਖੋਜ ਕੀਤੀ। ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸ਼ੁਰੂ ਕੀਤਾ। ਇਤਿਹਾਸ ਗਵਾਹ ਹੈ ਕਿ ਸੱਭਿਅਤਾਵਾਂ ਕਿਵੇਂ ਵਧੀਆ ਫੁੱਲੀਆਂ ਤੇ ਖ਼ਤਮ ਵੀ ਹੋਈਆਂ। ਚੀਨ ਤੋਂ ਭਾਰਤ ਵਿੱਚ ਪੜ੍ਹਨ ਆਉਣ ਵਾਲੇ ਲੋਕਾਂ ਬਾਰੇ ਕਿਤਾਬਾਂ ਤੋਂ ਬਹੁਤ ਜਾਣਕਾਰੀ ਮਿਲਦੀ ਹੈ। ਇਤਿਹਾਸ ਇਹ ਵੀ ਦੱਸਦਾ ਹੈ ਕਿ ਕਿਵੇਂ ਅਮਰੀਕਾ ਦੀ ਖੋਜ ਕੀਤੀ ਗਈ।
ਤਕਨਾਲੋਜੀ ਦੀ ਤਰੱਕੀ ਨਾਲ ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸ਼ੁਰੂ ਕਰ ਦਿੱਤਾ। ਬੇਸ਼ੱਕ ਇਹ ਸੁਵਿਧਾਜਨਕ ਹੋ ਗਿਆ, ਪਰ ਸੁਖਾਲਾ ਕਦੀ ਨਹੀਂ ਰਿਹਾ। ਕੋਈ ਵੀ ਮਨੁੱਖ ਜਦੋਂ ਆਪਣੇ ਆਲੇ-ਦੁਆਲੇ ਨਾਲੋਂ ਟੁੱਟ ਕੇ ਦੂਜੀ ਥਾਂ ਜਾਂਦਾ ਹੈ ਤਾਂ ਉਸ ਲਈ ਉੱਥੇ ਪੈਰ ਜਮਾਉਣਾ ਔਖਾ ਹੁੰਦਾ ਹੈ। ਉੱਥੋਂ ਦੇ ਮੂਲ ਨਿਵਾਸੀ ਉਸ ਨੂੰ ਕਦੇ ਵੀ ਨਹੀਂ ਅਪਣਾਉਂਦੇ। ਉਹ ਆਪਣੇ ਘਰ ਵਿੱਚ ਰਹਿੰਦਾ ਹੋਇਆ ਵੀ ਅਜਨਬੀ ਹੀ ਰਹਿੰਦਾ ਹੈ। ਉਸ ਦਾ ਮਨ ਪਿੱਛੇ ਕਿਤੇ ਉਸ ਦੇ ਅਸਲ ਟਿਕਾਣੇ ’ਤੇ ਹੁੰਦਾ ਹੈ। ਬਦਲਦੇ ਸਮੇਂ ਵਿੱਚ ਇਹ ਦੁਵਿਧਾ ਮਨੁੱਖ ਦੇ ਮਨ ਵਿੱਚ ਹਮੇਸ਼ਾਂ ਬਣੀ ਰਹਿੰਦੀ ਹੈ ਕਿ ਉਹ ਸਭ ਕੁਝ ਛੱਡ ਛਡਾ ਕੇ ਵਾਪਸ ਆਪਣੇ ਘਰ ਚਲਾ ਜਾਵੇ ਜਾਂ ਇੱਥੇ ਹੀ ਰਹੇ।
ਪਰਵਾਸ ਦੇਸ਼ ਦੇ ਵਿੱਚ ਵੀ ਹੁੰਦਾ ਹੈ। ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣਾ ਵੀ ਪਰਵਾਸ ਹੀ ਹੈ। ਹਰ ਥਾਂ ’ਤੇ ਲੋਕਾਂ ਦਾ ਰਹਿਣ-ਸਹਿਣ ਵੱਖਰਾ ਹੈ, ਖਾਣ-ਪੀਣ ਵੱਖਰਾ ਹੈ। ਇਨ੍ਹਾਂ ਭਿੰਨਤਾਵਾਂ ਨਾਲ ਆਪਣੇ ਆਪ ਨੂੰ ਸਹਿਜ ਕਰਨਾ ਔਖਾ ਹੈ। ਅੱਜ ਜੇ ਕਿਸੇ ਪੰਜਾਬੀ ਨੂੰ ਮਣੀਪੁਰ ਵਿੱਚ ਜਾ ਕੇ ਰਹਿਣਾ ਪਵੇ ਤਾਂ ਉਸ ਲਈ ਬਹੁਤ ਔਖਾ ਹੋ ਸਕਦਾ ਹੈ। ਸਾਡੇ ਪੰਜਾਬ ਵਿੱਚ ਯੂਪੀ, ਬਿਹਾਰ ਅਤੇ ਹਿਮਾਚਲ ਤੋਂ ਬਹੁਤ ਲੋਕ ਆ ਕੇ ਵੱਸ ਗਏ ਹਨ। ਪੰਜਾਬ ਦੇ ਲੋਕ ਉਨ੍ਹਾਂ ਨੂੰ ਆਪਣਾ ਨਹੀਂ ਮੰਨਦੇ। ਉਹ ਵੀ ਪਰਵਾਸ ਦਾ ਦੁੱਖ ਭੋਗਦੇ ਹਨ। ਜਦੋਂ ਇਹ ਸਵਾਲ ਕਿਸੇ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੋਂ ਦੇ ਹੋ ਤਾਂ ਇਹ ਸ਼ਬਦ ਹੀ ਉਸ ਨੂੰ ਪਰਾਇਆ ਬਣਾ ਦਿੰਦੇ ਹਨ। ਆਪਣੇ ਹੀ ਦੇਸ਼ ਵਿੱਚ ਪਰਾਏ ਹੋਣਾ ਬੜਾ ਔਖਾ ਹੈ।
ਪੰਜਾਬ ਦੀ ਬਹੁਤ ਆਬਾਦੀ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ਵਿੱਚ ਗਈ ਹੋਈ ਹੈ। ਉਨ੍ਹਾਂ ਨੇ ਉੱਥੋਂ ਦੀ ਨਾਗਰਿਕਤਾ ਲੈ ਲਈ ਹੈ, ਪਰ ਮਨ ਪਿੱਛੇ ਕਿਤੇ ਪੰਜਾਬ ਵਿੱਚ ਰਹਿ ਗਿਆ ਹੈ। ਉਹ ਸਾਰੀਆਂ ਰਸਮਾਂ ਨੂੰ ਉੱਥੇ ਨਿਭਾ ਕੇ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ। ਪੰਜਾਬ ਵਿੱਚ ਬੇਸ਼ੱਕ ਪੰਜਾਬੀ ਬਹੁਤ ਏਕੇ ਨਾਲ ਨਾ ਰਹਿਣ, ਪਰ ਵਿਦੇਸ਼ਾਂ ਵਿੱਚ ਉਹ ਇਕੱਠੇ ਹੋ ਜਾਂਦੇ ਹਨ। ਇਸ ਦਾ ਮੁੱਖ ਕਾਰਨ ਉਨ੍ਹਾਂ ਨੂੰ ਇੱਕ-ਦੂਜੇ ਨਾਲ ਰਹਿ ਕੇ ਆਪਣੇ ਪੰਜਾਬ ਵਿੱਚ ਹੋਣ ਦਾ ਅਹਿਸਾਸ ਹੁੰਦਾ ਹੈ। ਉਹ ਇਨ੍ਹਾਂ ਮਹਿਫਲਾਂ ਵਿੱਚ ਆਪਣਾ ਪਿੰਡ ਲੱਭਦੇ ਹਨ। ਪਿੰਡ ਜੋ ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ।
ਅੱਜ ਦੇ ਸਮੇਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਪਿੰਡ ਤੋਂ ਸ਼ਹਿਰ ਆ ਜਾਣਾ ਵੀ ਇੱਕ ਪਰਵਾਸ ਹੀ ਹੈ। ਸ਼ਹਿਰ ਵਿੱਚ ਰਹਿਣ ਵਾਲੇ ਮਨੁੱਖ ਦੀਆਂ ਜੜਾਂ ਪਿੰਡ ਵਿੱਚ ਹੀ ਰਹਿ ਜਾਂਦੀਆਂ ਹਨ। ਉਸ ਦੀ ਅਗਲੀ ਪੀੜ੍ਹੀ ਸ਼ਹਿਰੀ ਹੋ ਜਾਂਦੀ ਹੈ, ਪਰ ਉਸ ਬੰਦੇ ਦੇ ਅੰਦਰੋਂ ਪਿੰਡ ਨਹੀਂ ਜਾਂਦਾ। ਉਹ ਕਿੰਨੇ ਵੀ ਚੰਗੇ ਅਹੁਦੇ ’ਤੇ ਕਿਉਂ ਨਾ ਹੋਵੇ, ਜਦੋਂ ਵਡੇਰੀ ਉਮਰ ਵਿੱਚ ਆਉਂਦਾ ਹੈ ਤਾਂ ਆਪਣੇ ਅਸਲੀ ਪਹਿਰਾਵੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਬੋਲੀ ਫਿਰ ਤੋਂ ਉਹੀ ਪਿੰਡ ਵਾਲੀ ਹੋ ਜਾਂਦੀ ਹੈ। ਉਸ ਦੇ ਅੰਦਰੋਂ ਪਿੰਡ ਛੱਡ ਦੇਣ ਦਾ ਹੇਰਵਾ ਜਾਂਦਾ ਹੀ ਨਹੀਂ। ਇਹ ਉਦਾਸੀ ਉਸ ਦੇ ਅੰਦਰ ਘਰ ਕਰ ਜਾਂਦੀ ਹੈ।
ਅੱਜ ਦੇ ਸਮੇਂ ਵਿੱਚ ਪਰਵਾਸ ਮਨੁੱਖ ਦੀ ਹੋਣੀ ਹੈ। ਸਭ ਤੋਂ ਔਖਾ ਉਦੋਂ ਹੁੰਦਾ ਹੈ ਜਦੋਂ ਅਗਲੀ ਪੀੜ੍ਹੀ ਨਵੀਂ ਥਾਂ ’ਤੇ ਜੜਾਂ ਬਣਾ ਲੈਂਦੀ ਹੈ। ਉਹ ਪਿੱਛੇ ਮੁੜਨਾ ਨਹੀਂ ਚਾਹੁੰਦੀ। ਬਜ਼ੁਰਗ ਪਿੱਛੇ ਮੁੜ ਆਉਣਾ ਚਾਹੁੰਦੇ ਹਨ, ਪਰ ਬੱਚਿਆਂ ਕਰਕੇ ਮਜਬੂਰ ਹੋ ਜਾਂਦੇ ਹਨ। ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਸਿਹਤ ਦੀਆਂ ਸਹੂਲਤਾਂ ਤੇ ਕੁਝ ਹੋਰ ਅਜਿਹੀਆਂ ਸੁਵਿਧਾਵਾਂ ਮਜਬੂਰ ਕਰ ਦਿੰਦੀਆਂ ਹਨ, ਪਰ ਮਨ ਉਨ੍ਹਾਂ ਦਾ ਪਿੰਡਾਂ ਵਿੱਚ ਹੀ ਰਹਿੰਦਾ ਹੈ। ਇਹ ਮਨੁੱਖ ਦੀ ਹੋਣੀ ਹੈ। ਇਸ ਸਮੇਂ ਦਾ ਤਕਾਜ਼ਾ ਹੈ।
ਇਹ ਸਭ ਕਹਿ ਦੇਣਾ ਤੇ ਇਸ ਬਾਰੇ ਗੱਲ ਕਰਨਾ ਸ਼ਾਇਦ ਬਹੁਤ ਆਸਾਨ ਹੈ, ਪਰ ਜੋ ਇਸ ਨੂੰ ਭੋਗਦਾ ਹੈ, ਕੇਵਲ ਉਹ ਹੀ ਦੱਸ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੈ। ਜਦੋਂ ਕਦੇ ਵੀ ਕਿਸੇ ਵੀ ਦੇਸ਼ ਵਿੱਚ ਆਏ ਪਰਵਾਸੀਆਂ ਬਾਰੇ ਕੁਝ ਨਕਾਰਾਤਮਕ ਬੋਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਦਿਲ ਟੁੱਟਦਾ ਹੈ। ਅਸੀਂ ਇਹ ਨਹੀਂ ਸੋਚਦੇ ਕਿ ਸਾਡੀਆਂ ਗੱਲਾਂ ਦੂਜੇ ਨੂੰ ਕਿੰਨਾ ਦੁੱਖ ਦਿੰਦੀਆਂ ਹਨ। ਜਿਹੜਾ ਜਿੱਥੇ ਆ ਕੇ ਰਹਿੰਦਾ ਹੈ, ਉੱਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਉਹ ਜੇ ਕੁਝ ਪ੍ਰਾਪਤ ਕਰਦਾ ਹੈ ਤਾਂ ਬਦਲੇ ਵਿੱਚ ਆਪਣੀ ਜ਼ਿੰਦਗੀ ਵੀ ਲੇਖੇ ਲਾ ਦਿੰਦਾ ਹੈ।
ਅੱਜ ਸਮੇਂ ਦੀ ਲੋੜ ਹੈ ਕਿ ਇਸ ਗੱਲ ਨੂੰ ਸਮਝ ਲਿਆ ਜਾਵੇ ਕਿ ਸੰਸਾਰ ਇੱਕ ਗਲੋਬਲ ਪਿੰਡ ਹੈ ਤੇ ਅਸੀਂ ਸਾਰੇ ਇਸ ਦੇ ਵਾਸੀ ਹਾਂ। ਕੋਈ ਕਿੱਥੋਂ ਆਇਆ ਹੈ ਤੇ ਕਿੱਥੇ ਰਹਿੰਦਾ ਹੈ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ। ਇਸ ਧਰਤੀ ’ਤੇ ਸਾਰੇ ਹੀ ਧਰਤੀ ਦੇ ਵਸਨੀਕ ਹਨ। ਸਭ ਨੂੰ ਇਸ ਧਰਤੀ ’ਤੇ ਰਹਿਣ ਦਾ ਬਰਾਬਰ ਦਾ ਹੱਕ ਹੈ। ਕਿਸੇ ਨੂੰ ਪਰਵਾਸੀ ਕਹਿ ਕੇ ਉਸ ਦੇ ਹੱਕਾਂ ਤੋਂ ਉਸ ਨੂੰ ਮਹਿਰੂਮ ਕਰਨਾ ਸਹੀ ਨਹੀਂ ਹੈ। ਬਹੁਤੀ ਵਾਰ ਉਹ ਕਿਸੇ ਮਜਬੂਰੀ ਵੱਸ ਪਰਵਾਸ ਭੋਗ ਰਿਹਾ ਹੁੰਦਾ ਹੈ। ਇਸੇ ਲਈ ਸ਼ਾਇਰ ਲਿਖਦਾ ਹੈ;
ਰਿਜ਼ਕ ਰਜਾਈ ਦੇਸੋਂ ਮਿਲ ਜਾਏ
ਫਿਰ ਬੰਦਾ ਪਰਵਾਸ ਕਰੇ ਕਿਉਂ
ਇਹ ਬਹੁਤ ਵੱਡਾ ਸੱਚ ਹੈ। ਜੇਕਰ ਮਨੁੱਖ ਨੂੰ ਰਿਜ਼ਕ ਉਸ ਦੇ ਦੇਸ਼ ਵਿੱਚ ਮਿਲਦਾ ਹੋਵੇ ਤਾਂ ਸ਼ਾਇਦ ਕੋਈ ਕਦੀ ਵੀ ਪਰਵਾਸ ਨਾ ਕਰੇ। ਇਸ ਗੱਲ ਨੂੰ ਸਮਝਦਿਆਂ ਹੋਇਆਂ ਸਾਨੂੰ ਪਰਵਾਸ ਨੂੰ ਸਮਝਣਾ ਚਾਹੀਦਾ ਹੈ ਤੇ ਇਸ ਵਰਤਾਰੇ ਨੂੰ ਸਮਝਦੇ ਹੋਏ ਪਰਵਾਸੀਆਂ ਪ੍ਰਤੀ ਸੁਹਿਰਦ ਹੋਣ ਦੀ ਲੋੜ ਹੈ।
ਸੰਪਰਕ: 90410-73310