ਜੇ ਅੰਦੋਲਨ ਕੀਤਾ ਤਾਂ ਇਮਰਾਨ ਨੂੰ ਕਰਾਂਗੇ ਗ੍ਰਿਫ਼ਤਾਰ: ਸਨਾਉੱਲ੍ਹਾ
ਲਾਹੌਰ, 6 ਫਰਵਰੀ
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਅੱਜ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਤੇ ‘ਸੰਘਰਸ਼ ਦੀ ਸਿਆਸਤ’ ਕਰਨ ਦਾ ਦੋਸ਼ ਲਾਇਆ। ਇਹ ਜਾਣਕਾਰੀ ਪਾਕਿਸਤਾਨ ਦੇ ਮੀਡੀਆ ਵਿੱਚ ਦਿੱਤੀ ਗਈ ਹੈ। ‘ਦਿ ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਸਨਾਉੱਲ੍ਹਾ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਵੱਲੋਂ ਪੰਜਾਬ ਸੂਬੇ ਦੇ ਮੁਲਤਾਨ ਵਿੱਚ ਕਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸੇਧਿਆ। ਜ਼ਿਕਰਯੋਗ ਹੈ ਕਿ ਇਮਰਾਨ ਨੇ ਹਿਰਾਸਤ ਦੌਰਾਨ ਪੀਟੀਆਈ ਆਗੂਆਂ ਉੱਤੇ ਤਸ਼ੱਦਦ ਕਰਨ ਅਤੇ ਆਮ ਚੋਣਾਂ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਸੰਘੀ ਸਰਕਾਰ ਖ਼ਿਲਾਫ਼ ਪਾਰਟੀ ਕਾਰਕੁਨਾਂ ਅਤੇ ਸਮਰਥਕਾਂ ਨੂੰ ‘ਜੇਲ੍ਹ ਭਰੋ ਅੰਦੋਲਨ’ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰੀ ਸਨਾਉੱਲ੍ਹਾ ਨੇ ਇਹ ਟਿੱਪਣੀ ਇਮਰਾਨ ਦੇ ਇਸ ਬਿਆਨ ਤੋਂ ਕੁੱਝ ਦਿਨ ਬਾਅਦ ਕੀਤੀ ਹੈ। -ਪੀਟੀਆਈ