ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਾਤ ਵਿੱਚ ਮੌਤ
ਕਮਲਜੀਤ ਕੌਰ
ਫਰੀਦਕੋਟ, 31 ਮਈ
ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਨੇ ਜੇਲ੍ਹ ਨੂੰ ਫਿਰ ਵਿਵਾਦਾਂ ਵਿੱਚ ਖੜ੍ਹਾ ਕਰ ਦਿੱਤਾ ਹੈ। ਸੂਚਨਾ ਅਨੁਸਾਰ ਬਲਵਿੰਦਰ ਸਿੰਘ ਵਾਸੀ ਜੀਵਨ ਵਾਲਾ ਨੂੰ ਸਦਰ ਪੁਲੀਸ ਕੋਟਕਪੂਰਾ ਨੇ ਸ਼ਰਾਬ ਦੀ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਕੇ ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਭੇਜਿਆ ਸੀ ਅਤੇ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਨੇ 26 ਮਈ ਨੂੰ ਬਲਵਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਜਦੋਂ ਜਸਵਿੰਦਰ ਸਿੰਘ ਜੇਲ੍ਹ ਵਿੱਚ ਆਪਣੇ ਭਰਾ ਨੂੰ ਰਿਹਾਅ ਕਰਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ।
ਮੌਤ ਤੋਂ ਚਾਰ ਦਿਨ ਬਾਅਦ ਵੀ ਵਾਰਸਾਂ ਨੇ ਬਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਬਲਵਿੰਦਰ ਸਿੰਘ ਦੇ ਭਰਾ ਜਸਵਿੰਦਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਫਰੀਦਕੋਟ ਦੇ ਸੈਸ਼ਨ ਜੱਜ ਵਰਿੰਦਰ ਕੁਮਾਰ ਅਗਰਵਾਲ ਨੇ ਫਰੀਦਕੋਟ ਦੀ ਚੀਫ ਜੁਡੀਸ਼ਲ ਮੈਜਿਸਟਰੇਟ ਸ਼ੈਂਪੀ ਚੌਧਰੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਕੇ ਰਿਪੋਰਟ ਸੌਂਪਣ। ਪੜਤਾਲ ਵਿੱਚ ਸ਼ਾਮਲ ਹੋਏ ਜੇਲ੍ਹ ਦੇ ਸੁਪਰਡੈਂਟ ਇਕਬਾਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਲਵਿੰਦਰ ਸਿੰਘ ਜੇਲ੍ਹ ਵਿੱਚ ਅਚਾਨਕ ਬਿਮਾਰ ਹੋ ਗਿਆ ਸੀ, ਉਸ ਨੂੰ ਇਲਾਜ ਲਈ ਵੀ ਦਾਖ਼ਲ ਕਰਵਾਇਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋਈ ਹੈ। ਦੂਜੇ ਪਾਸੇ ਬਲਵਿੰਦਰ ਸਿੰਘ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਉਸ ਨੂੰ ਜੇਲ੍ਹ ਵਿੱਚ ਨਜ਼ਰਬੰਦ ਕਰਨ ਤੋਂ ਪਹਿਲਾਂ ਪੁਲੀਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਉਸ ਨੂੰ ਸਹੀ ਇਲਾਜ ਨਹੀਂ ਦਿੱਤਾ ਗਿਆ। ਪੁਲੀਸ ਦੀ ਕੁੱਟ ਕਾਰਨ ਹੀ ਬਲਵਿੰਦਰ ਸਿੰਘ ਦੀ ਮੌਤ ਹੋਈ ਹੈ।