ਜੇਈਈ ਮੇਨਜ਼ ’ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਵਿਦਿਆਰਥੀ ਸਨਮਾਨੇ
ਇੱਥੇ ਜੇਈਈ ਮੇਨਜ਼-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਸਨਮਾਨ ਲਈ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਡੀਈਓ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸ਼ਰਮਾ ਨੇ ਮੈਰੀਟੋਰੀਅਸ ਸਕੂਲ ਦੇ 18 ਅਤੇ ਸਕੂਲ ਆਫ਼ ਐਮੀਨੈਂਸ ਦੇ 5 ਵਿਦਿਆਰਥੀਆਂ ਦੇ ਸਮੇਤ 32 ਵਿਦਿਆਰਥੀਆਂ ਦਾ ਸਨਮਾਨ ਕੀਤਾ। ਜ਼ਿਲ੍ਹਾ ਮੈਂਟਰ ਫਿਜ਼ੀਕਸ ਮਨਦੀਪ ਕੌਰ ਅੰਟਾਲ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਅਤੇ ਸਮੂਹ ਟੀਮ ਦਾ ਧੰਨਵਾਦ ਵੀ ਕੀਤਾ। ਜ਼ਿਲ੍ਹਾ ਨੋਡਲ ਇੰਚਾਰਜ ਦੌਲਤ ਰਾਮ ਲੈਕਚਰਾਰ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਡੀਈਓ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚੇ ਜੇਈਈ ਐਡਵਾਂਸ ਵਿੱਚ ਵੀ ਸ਼ਾਨਦਾਰ ਨਤੀਜੇ ਦੇਣਗੇ। ਡਿਪਟੀ ਡੀਈਓ ਨੇ ਸਫ਼ਲਤਾ ਦਾ ਸਿਹਰਾ ਸਾਰੀ ਸਿੱਖਿਆ ਟੀਮ ਨੂੰ ਦਿੱਤਾ ਅਤੇ ਸਾਥੀ ਟੀਮ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਈਈ ਮੇਨਜ਼ ਪ੍ਰੀਖਿਆ ਪਾਸ ਕਰਕੇ ਸਰਕਾਰੀ ਸਕੂਲਾਂ ਦਾ ਮਾਣ ਵੀ ਵਧਾਇਆ ਹੈ। ਇਸ ਮੌਕੇ ਸੰਦੀਪ ਕੁਮਾਰ, ਰਮਨਦੀਪ ਕੌਰ, ਸਟੇਟ ਟੀਮ ਮੈਂਬਰ, ਦਿਨੇਸ਼ ਕੁਮਾਰ ਲੈਕਚਰਾਰ, ਕ੍ਰਿਸ਼ਨ ਵੋਹਰਾ, ਮੰਜੂ, ਮਨਪ੍ਰੀਤ ਸਿੰਘ ਤੇ ਗਗਨਦੀਪ ਬਾਂਸਲ ਆਦਿ ਹਾਜ਼ਰ ਸਨ।