ਜੁਆਰੀ ਵੱਲੋਂ ਚਚੇਰੀ ਭੈਣ ਦਾ ਕਤਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਮਈ
ਜੂਆ ਖੇਡਣ ਦੇ ਆਦੀ ਇੱਕ ਨੌਜਵਾਨ ਵੱਲੋਂ ਆਪਣੇ ਚਾਚੇ ਦੀ ਬੇਟੀ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਉਸਦੇ ਕਮਰੇ ਵਿੱਚ ਚੋਰੀ ਕਰਨ ਗਿਆ ਅਤੇ ਕੁੜੀ ਨੇ ਉਸ ਨੂੰ ਦੇਖ ਲਿਆ। ਪਛਾਣ ਜੱਗ ਜ਼ਾਹਰ ਹੋਣ ਦੇ ਡਰ ਤੋਂ ਉਸਨੇ ਆਪਣੀ ਚਚੇਰੀ ਭੈਣ ਦਾ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਕੇਸ ਵਿੱਚ ਮ੍ਰਿਤਕਾ ਦੀ ਸ਼ਨਾਖਤ ਨਿਸ਼ਾ ਭਾਰਤੀ (21) ਵਜੋਂ ਹੋਈ ਹੈ ਜਦੋਂਕਿ ਮੁਲਜ਼ਮ ਦੀ ਸ਼ਨਾਖਤ ਸੰਜੀਵ ਉਰਫ ਸੰਜੂ ਵਾਸੀ ਰਾਜੇਸ਼ ਨਗਰ ਵਜੋਂ ਹੋਈ ਹੈ। ਇਹ ਦੋਵੇਂ ਪਰਿਵਾਰ ਇੱਕੋ ਇਮਾਰਤ ਵਿੱਚ ਉਪਰਲੀ ਅਤੇ ਹੇਠਲੀ ਮੰਜ਼ਿਲ ਵਿੱਚ ਰਹਿੰਦੇ ਹਨ।
ਇਹ ਮਾਮਲਾ ਮ੍ਰਿਤਕਾ ਦੀ ਮਾਂ ਬਬੀਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਥਾਣਾ ਮੋਹਕਮਪੁਰਾ ਵਿੱਚ ਇਸ ਸਬੰਧ ਵਿੱਚ ਬੀਐਨਐੱਸ ਦੀ ਧਾਰਾ 103 ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਨੇ ਸੰਜੀਵ ਉਰਫ਼ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਨਿਸ਼ਾ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ। ਉਹ ਇਮਾਰਤ ਦੇ ਉੱਪਰਲੇ ਹਿੱਸੇ ਵਿੱਚ ਰਹਿੰਦੇ ਹਨ, ਜਦੋਂਕਿ ਹੇਠਲੇ ਹਿੱਸੇ ਵਿੱਚ ਉਸਦਾ ਜੇਠ ਤੇ ਉਸਦਾ ਪਰਿਵਾਰ ਰਹਿੰਦਾ ਹੈ। ਸੰਜੀਵ ਉਸ ਦੇ ਜੇਠ ਦਾ ਬੇਟਾ ਹੈ ਜੋ ਬੀਸੀਏ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ ਦੱਸਿਆ ਕਿ ਬੀਤੇ ਕੱਲ੍ਹ 20 ਮਈ ਨੂੰ ਸ਼ਾਮ 7 ਵਜੇ ਉਸਦਾ ਪਤੀ ਬਟਾਲਾ ਰੋਡ ’ਤੇ ਫੈਕਟਰੀ ਵਿੱਚ ਕੰਮ ਕਰਨ ਲਈ ਚਲਾ ਗਿਆ ਸੀ। ਘਰ ਵਿੱਚ ਉਹ ਅਤੇ ਉਸ ਦੀ ਬੇਟੀ ਦੋਵੇਂ ਇਕੱਲੇ ਸਨ। ਰਾਤ ਲਗਭਗ 10 ਵਜੇ ਸੰਜੀਵ ਉਸ ਦੀ ਬੇਟੀ ਕੋਲ ਪੜ੍ਹਨ ਵਾਸਤੇ ਆਇਆ, ਜੋ ਪਹਿਲਾਂ ਵੀ ਪੜ੍ਹਨ ਵਾਸਤੇ ਅਕਸਰ ਆਉਂਦਾ ਸੀ। ਉਸਨੇ ਦੱਸਿਆ ਕਿ ਅਚਾਨਕ ਲਾਈਟ ਚਲੀ ਗਈ ਅਤੇ ਸੰਜੀਵ ਹੇਠਾਂ ਚਲਾ ਗਿਆ। ਉਸ ਦੀ ਧੀ ਕਮਰੇ ਵਿੱਚ ਸੌਂ ਗਈ ਪਰ ਦੇਰ ਰਾਤ ਲਗਭਗ ਡੇਢ ਵਜੇ ਕਮਰੇ ਵਿੱਚ ਉਸ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਅਤੇ ਕੁਝ ਘੰਟੇ ਵਿੱਚ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਵਜ੍ਹਾ ਰੰਜਿਸ਼ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਉਰਫ ਸੰਜੂ ਜੂਆ ਖੇਡਣ ਦਾ ਆਦੀ ਹੈ। ਪੈਸਿਆਂ ਦੇ ਲਾਲਚ ਕਾਰਨ ਉਸਨੇ ਨਿਸ਼ਾ ਦੇ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ ਚੋਰੀ ਕਰਨ ਦੀ ਨੀਅਤ ਨਾਲ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਨਿਸ਼ਾ ਨੇ ਦੇਖ ਲਿਆ। ਉਸਨੂੰ ਰੋਕਣ ’ਤੇ ਸੰਜੀਵ ਨੇ ਉਸ ’ਤੇ ਛੁਰੇ ਨਾਲ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ।
ਜਲੰਧਰ: ਗੋਲੀਆਂ ਮਾਰ ਕੇ ਨੌਜਵਾਨ ਜ਼ਖ਼ਮੀ
ਜਲੰਧਰ: ਇੱਥੇ ਦਸਮੇਸ਼ ਨਗਰ ’ਚ ਮੰਗਲਵਾਰ ਦੇਰ ਰਾਤ ਰੰਜਿਸ਼ ’ਚ ਹਮਲਾਵਰਾਂ ਨੇ ਗਲੀ ’ਚ ਬੈਠੇ ਵਿਅਕਤੀ ’ਤੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਵਿਅਕਤੀ ਦੇ ਢਿੱਡ ’ਚ ਲੱਗੀ ਜਦਕਿ ਹਮਲਾਵਰ ਗੋਲੀ ਚਲਾਉਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਦੌਰਾਨ ਜ਼ਖ਼ਮੀ ਤਿਲਕ ਨਗਰ ਵਾਸੀ ਪਵਨ ਉਰਫ਼ ਸੋਨੂੰ ਨੂੰ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਲੈ ਗਏ ਤੇ ਘਟਨਾ ਦੀ ਜਾਣਕਾਰੀ ਥਾਣਾ ਭਾਰਗੋ ਕੈਂਪ ਦੀ ਪੁਲੀਸ ਨੂੰ ਦਿੱਤੀ। ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ੁੱਭਮ ਕਾਰਪੇਂਟਰ ਵਜੋਂ ਕੰਮ ਕਰਦਾ ਹੈ। ਸੋਮਵਾਰ ਦੁਪਹਿਰ ਉਹ ਗਲੀ ’ਚੋਂ ਲੰਘ ਰਿਹਾ ਸੀ ਕਿ ਇਸੇ ਦੌਰਾਨ ਗਲੀ ’ਚ ਰਹਿਣ ਵਾਲੇ ਪਰਮਜੀਤ, ਰਿੰਕੂ, ਆਸ਼ੂ ਤੇ ਵਿਸ਼ਾਲ ਨੇ ਉਸ ਦੇ ਪੁੱਤਰ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਭਾਰਗੋ ਕੈਂਪ ਦੀ ਪੁਲੀਸ ਨੂੰ ਦਿੱਤੀ ਸੀ ਪਰ ਪੁਲੀਸ ਨੇ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਖੁੰਦਕ ’ਚ ਉਹ ਇਲਾਕੇ ’ਚ ਘੁੰਮ ਰਹੇ ਸਨ, ਜਿੱਥੇ ਉਨ੍ਹਾਂ ਨੇ ਦੁਬਾਰਾ ਹਮਲਾ ਕੀਤਾ। ਹਮਲੇ ਦੌਰਾਨ ਉਨ੍ਹਾਂ ਵਿੱਚੋਂ ਕਿਸੇ ਨੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਪੁੱਤਰ ਦੇ ਪੇਟ ’ਚ ਲੱਗੀ ਤੇ ਉਸ ਨੇ ਗੋਲੀ ਦਾ ਖੋਲ੍ਹ ਚੁੱਕ ਲਿਆ। ਥਾਣਾ ਭਾਰਗੋ ਕੈਂਪ ਦੇ ਇੰਚਾਰਜ ਹਰਦੇਵ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਪੁਲੀਸ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕAdvertisement