ਜੁਆਇੰਨਗ ਕਰਾਉਣ ਦੀ ਮੰਗ ਤਹਿਤ ਟੈਂਕੀ ’ਤੇ ਚੜ੍ਹੇ ਅਧਿਆਪਕ
ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੂਨ
ਨੌਕਰੀ ਮਿਲਣ ਦੇ ਬਾਵਜੂਦ ਪਿਛਲੇ ਦੋ ਸਾਲਾਂ ਤੋਂ ਜੁਆਇਨਿੰਗ ਲਈ ਤਰਸ ਰਹੇ ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇਂ ਦੋ ਅਧਿਆਪਕਾਂ ਨੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਗਟਾਇਆ ਜਦਕਿ ਬਾਕੀਆਂ ਨੇ ਫਿਰੋਜ਼ਪੁਰ ਰੋਡ ’ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੇ ਟੈਂਕੀ ’ਤੇ ਚੜ੍ਹੇ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਜਦੋਂ ਇਨ੍ਹਾਂ ਅਧਿਆਪਕਾਂ ਨੂੰ ਥੱਲੇ ਆ ਕੇ ਗੱਲ ਕਰਨ ਲਈ ਆਖਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਿਹੜੇ ਅਧਿਆਪਕ ਫਿਰੋਜਪੁਰ ਰੋਡ ’ਤੇ ਧਰਨਾ ਦੇ ਰਹੇ ਹਨ ਉਨ੍ਹਾਂ ਨਾਲ ਹੀ ਮੰਗਾਂ ਸਬੰਧੀ ਗੱਲ ਕੀਤੀ ਜਾਵੇ। ਖਬਰ ਲਿਖੇ ਜਾਣ ਤੱਕ ਅਧਿਆਪਕਾਂ ਦੀ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਸੀ।
ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੀਮੁਕਤਸਰ ਸਾਹਿਬ ਦੇ ਬੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ 11800 ਡੀਪੀ ਅਧਿਆਪਕਾਂ ਨੇ ਫਾਰਮ ਭਰੇ ਸਨ ਅਤੇ ਟੈਸਟ ਦਿੱਤਾ ਸੀ। ਇਸ ਵਿੱਚ ਪੰਜਾਬ ਸਮੇਤ ਹਰਿਆਣਾ, ਹਿਮਚਾਲ ਪ੍ਰਦੇਸ਼ ਅਤੇ ਰਾਜਸਥਾਨ ਦੇ ਅਧਿਆਪਕ ਵੀ ਸ਼ਾਮਿਲ ਸਨ। ਇਨ੍ਹਾਂ ਵਿੱਚੋਂ ਸਿਰਫ 168 ਅਧਿਆਪਕਾਂ ਦੀ ਹੀ ਚੋਣ ਕੀਤੀ ਗਈ ਸੀ। ਦੋ ਸਾਲ ਪਹਿਲਾਂ ਇਨ੍ਹਾਂ ਨੂੰ ਜੁਆਇਨਿੰਗ ਲੈਟਰ ਦੇ ਦਿੱਤੀ ਗਈ। ਚੰਡੀਗੜ੍ਹ ਵਿੱਚ ਪੈਂਦੇ ਵਿਭਾਗ ਦੇ ਅਧਿਕਾਰੀਆਂ ਨੇ ਪੱਤਰ ਦਿੱਤਾ ’ਤੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਜੁਆਇਨਿੰਗ ਕਿੱਥੇ ਹੋਵੇਗੀ, ਦਸ ਦਿੱਤਾ ਜਾਵੇਗਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਦੋ ਸਾਲਾਂ ਤੋਂ ਹੀ ਉਨ੍ਹਾਂ ਨਾਲ ਟਾਲ ਮਟੌਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਟਾਲ ਜਾਂਦੇ ਹਨ। ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰੀ ਬਸ ਧਰਨਾ ਦੇਣਾ ਪਿਆ ਅਤੇ ਤਿੱਖੀ ਧੁੱਪ ਵਿੱਚ ਟੈਂਕੀ ’ਤੇ ਚੜ੍ਹਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਜਲਦ ਤੋਂ ਜਲਦ ਜੁਆਇਨਿੰਗ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਪਾਲ ਸਕਣ।