ਜੀ-7 ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋਣਗੇ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ ਤੋਂ ਤਿੰਨ ਦੇਸ਼ਾਂ ਦੀ ਯਾਤਰਾ ’ਤੇ ਜਾਣਗੇ। ਇਸ ਦੌਰਾਨ ਉਹ ਕੈਨੇਡਾ ’ਚ ਜੀ-7 ਸੰਮੇਲਨ ’ਚ ਹਿੱਸਾ ਲੈਣਗੇ ਅਤੇ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਲਈ ਸਾਈਪ੍ਰਸ ਤੇ ਕ੍ਰੋਏਸ਼ੀਆ ਦੀ ਯਾਤਰਾ ਵੀ ਕਰਨਗੇ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਕਿਹਾ, ‘ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ ਜੋ ਦੁਵੱਲੇ ਸਬੰਧਾਂ ਦੇ ਲਿਹਾਜ਼ ਨਾਲ ਅਹਿਮ ਸਾਬਤ ਹੋਵੇਗੀ।’ ਮੋਦੀ ਸਭ ਤੋਂ ਪਹਿਲਾਂ ਸਾਈਪ੍ਰਸ ਦੇ ਰਾਸ਼ਟਰਪਤੀ ਦੇ ਸੱਦੇ ’ਤੇ 15-16 ਜੂਨ ਨੂੰ ਸਾਈਪ੍ਰਸ ਜਾਣਗੇ। ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ ’ਚ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਨਾਲ ਵਾਰਤਾ ਕਰਨਗੇ ਅਤੇ ਲਿਮਾਸੋਲ ’ਚ ਵਪਾਰ ਜਗਤ ਦੀਆਂ ਹਸਤੀਆਂ ਨੂੰ ਸੰਬੋਧਨ ਕਰਨਗੇ। ਆਪਣੀ ਯਾਤਰਾ ਦੇ ਦੂਜੇ ਗੇੜ ਤਹਿਤ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ’ਤੇ ਜੀ-7 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ 16-17 ਜੂਨ ਨੂੰ ਕੈਨੇਡਾ ਦੇ ਕਨਾਨਾਸਕਿਸ ਜਾਣਗੇ। ਪ੍ਰਧਾਨ ਮੰਤਰੀ ਲਗਾਤਾਰ ਛੇਵੀਂ ਵਾਰ ਜੀ-7 ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸਿਖਰ ਸੰਮੇਲਨ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਆਪਣੇ ਦੌਰੇ ਦੇ ਆਖਰੀ ਗੇੜ ਤਹਿਤ ਮੋਦੀ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੈਂਕੋਵਿਚ ਦੇ ਸੱਦੇ ’ਤੇ 18 ਜੂਨ ਨੂੰ ਇਸ ਯੂਰਪੀ ਮੁਲਕ ਦੀ ਅਧਿਕਾਰਤ ਯਾਤਰਾ ਕਰਨਗੇ। ਮੋਦੀ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਪਲੈਂਕੋਵਿਚ ਨਾਲ ਦੁਵੱਲੀ ਮੀਟਿੰਗ ਕਰਨਗੇ ਤੇ ਰਾਸ਼ਟਰਪਤੀ ਜੋਰਾਨ ਮਿਲਾਨੋਵਿਚ ਨੂੰ ਵੀ ਮਿਲਣਗੇ। -ਪੀਟੀਆਈ