ਜੀਵਨ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਬਹੁਤ ਜ਼ਰੂਰੀ: ਗਿਆਸਪੁਰਾ
ਪੱਤਰ ਪ੍ਰੇਰਕ
ਮਲੌਦ, 21 ਮਈ
ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਹਿਲ ਵਿਖੇ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਕੱਲ੍ਹ ਦੇ ਭਵਿੱਖ ਹਨ ਇਸ ਕਰਕੇ ਸੂਬਾ ਸਰਕਾਰ ਵੱਲੋਂ ਬੱਚਿਆਂ ਲਈ ਬਿਜਨਸ ਬਲਾਸਟਰ ਵਰਗੀਆਂ ਸਕੀਮਾਂ ਚਲਾ ਕੇ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਆਪਣਾ ਕਾਰੋਬਾਰ ਸ਼ੂਰੂ ਕਰਕੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਣ।
ਵਿਧਾਇਕ ਗਿਆਸਪੁਰਾ ਨੇ ਸਕੂਲ ਦੇ ਪ੍ਰਿੰਸੀਪਲ ਗੋਪਾਲ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਦੀ ਬੱਚਿਆਂ ਦੀ ਗਿਣਤੀ ਵਧਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਚਾਰ ਪੱਖੀ ਪ੍ਰਕਿਰਿਆ ਹੈ ਜਿਸ ਵਿਚ ਅਧਿਆਪਕ, ਬੱਚੇ, ਮਾਪੇ ਅਤੇ ਸਰਕਾਰ ਵੱਲੋਂ ਆਪੋ ਆਪਣਾ ਸਹੀ ਰੋਲ ਨਿਭਾਇਆ ਜਾ ਰਿਹਾ ਹੈ ਜਿਸ ਕਰਕੇ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰੇਕ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਧਿਆਪਕਾਂ ਦੀ ਭਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਪ੍ਰੰਤੂ ਸਾਡੀ ਸਰਕਾਰ ਨੇ 20000 ਅਧਿਆਪਕ ਭਰਤੀ ਕੀਤੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ਤੇ 55000 ਨੌਕਰੀਆਂ ਦੇ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਉਨ੍ਹਾਂ ਇਸ ਮੌਕੇ ਸਰਕਾਰ ਵੱਲ਼ੋ ਬੱਚਿਆਂ ਨੂੰ ਕਿਤਾਬਾਂ ਮੁਫ਼ਤ, ਵਰਦੀਆਂ ਮੁਫਤ ਅਤੇ ਸਤੁੰਲਿਤ ਭੋਜਨ ਖਾਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਲ ਵਿੱਚ ਚਾਰ ਵਾਰ ਸਿਹਤ ਚੈਕਅੱਪ ਕਰਕੇ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਮੁਫਤ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲ ਛੱਡਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਦਾ ਰੁਝਾਨ ਵਧਿਆ ਹੈ । ਸਕੂਲ ਦੇ ਪ੍ਰਿੰਸੀਪਲ ਗੋਪਾਲ ਸਿੰਘ ਜੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਨੇੜਲੇ ਤਿੰਨ ਪਿੰਡਾਂ ਦੇ ਬੱਚਿਆਂ ਦੇ ਸਕੂਲ ਆਉਣ ਜਾਣ ਲਈ ਸ਼ੁਰੂ ਕੀਤੀ ਬੱਸ ਸੇਵਾ ਦੀ ਜਾਣਕਾਰੀ ਦਿੱਤੀ । ਇਸ ਮੌਕੇ ਵਿਧਾਇਕ ਗਿਆਸਪੁਰਾ ਦਾ ਸਕੂਲ ਪ੍ਰਿੰਸੀਪਲ ਗੋਪਾਲ ਸਿੰਘ , ਬੀ.ਐਨ.ਓ ਕਮਲਪਰੀਤ ਕੌਰ, ਮੁੱਖ ਅਧਿਆਪਕ ਲਵਦੀਪ ਸਿੰਘ, ਰਣਜੀਤ ਸਿੰਘ, ਨਵਦੀਪ ਕੌਰ, ਮਨਦੀਪ ਕੌਰ,ਰਾਜਵੀਰ ਕੌਰ, ਜਸਪਾਲ ਕੌਰ, ਮਨਪ੍ਰੀਤ ਕੌਰ, ਕੰਪਿਊਟਰ ਅਧਿਆਪਕ ਮਨਦੀਪ ਕੌਰ, ਹਰਵਿੰਦਰ ਸਿੰਘ, ਪਲਵਿੰਦਰ ਸਿੰਘ। ਕਮਲਜੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ, ਪੀਏ ਮਨਜੀਤ ਸਿੰਘ ਡੀਸੀ ਅਤੇ ਸਮੂਹ ਸਟਾਫ ਵੱਲੋ ਵਿਸ਼ੇਸ ਸਨਮਾਨ ਵੀ ਕੀਤਾ ਗਿਆ।