ਜੀਵਨ ਨੂੰ ਤਣਾਅ ਮੁਕਤ ਕਰਨ ਲਈ ਸੈਮੀਨਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਮਈ
ਰੋਹਤਕ ਦੇ ਡਿਵੀਜ਼ਨਲ ਬਾਲ ਭਲਾਈ ਤੇ ਸੂਬਾ ਨੋਡਲ ਅਧਿਕਾਰੀ ਅਨਿਲ ਮਲਿਕ ਨੇ ਕਿਹਾ ਹੈ ਕਿ ਚੰਗੀ ਮਾਨਸਿਕ ਸਿਹਤ ਜੀਵਨ ਦੇ ਤਣਾਅ ਦਾ ਸਾਹਮਣਾ ਕਰਨ, ਵਿਵਹਾਰ ਨੂੰ ਢੁਕਵੇਂ ਢੰਗ ਨਾਲ ਢਾਲਣ ਤੇ ਸਹੀ ਢੰਗਾਂ ਦੀ ਚੋਣ ਕਰਨ ਦੀ ਸਥਿਤੀ ਨੂੰ ਦਰਸਾਉਂਦੀ ਹੈ। ਕਿਸ਼ੋਰ ਅਵਸਥਾ ਦੌਰਾਨ ਚਿੰਤਾ, ਤਣਾਅ, ਬੈਚੇਨੀ ,ਉਦਾਸੀ ,ਭਟਕਣਾ ਆਮ ਭਾਵਨਾਵਾਂ ਹਨ ਤੇ ਫਿਰ ਸ਼ੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਮਾਨਸਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਰਹੀ ਹੈ। ਸੂਬਾ ਨੋਡਲ ਅਧਿਕਾਰੀ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਥਾਨੇਸਰ ਵਿਚ ਹਰਿਆਣਾ ਰਾਜ ਬਾਲ ਭਲਾਈ ਪਰੀਸ਼ਦ ਦੀ ਅਗਵਾਈ ਹੇਠ ਨਾਬਾਲਗਾਂ ਦੀ ਮਾਨਸਿਕ ਸਿਹਤ ਸਥਿਤੀਆਂ, ਚੁਣੌਤੀਆਂ ਤੇ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਸਰੀਰਕ, ਬੌਧਿਕ, ਮਨੋਵਿਗਿਆਨਕ ਤੇ ਸਮਾਜਿਕ ਚੁਣੌਤੀਆਂ ਦੇ ਨਾਲ ਨਾਲ ਨੈਤਿਕ ਦਿਸ਼ਾ ਨਿਰਦੇਸ਼ਾਂ ਦੀਆਂ ਵਿਸ਼ੇਸ਼ ਚੁਣੌਤੀਆਂ ਹੁੰਦੀਆਂ ਹਨ। ਇਨਾਂ ਨਾਲ ਨਜਿੱਠਣ ਲਈ ਕਿਸ਼ੋਰਾਂ ਨੂੰ ਆਪਣੀਆਂ ਅਸਲ ਸਰੀਰਕ, ਭਾਵਨਾਤਮਕ ਤੇ ਮਾਨਸਿਕ ਜ਼ਰੂਰਤਾਂ ਨੂੰ ਸਹੀ ਢੰਗ ਨਾਲ ਸਮਝਣ ਦੀ ਲੋੜ ਹੈ। ਇਸ ਦੇ ਲਈ ਪੈਦਾ ਹੋਣ ਵਾਲੇ ਤਣਾਅ ਨੂੰ ਕਾਬੂ ਕਰੋ। ਪ੍ਰੋਗਰਾਮ ਵਿਚ ਮੌਜੂਦ ਕੌਂਸਲਰ ਨੀਰਜ ਕੁਮਾਰ ਨੇ ਕਿਹਾ ਕਿ ਉਮਰ ਦੇ ਨਾਲ ਹੋਣ ਵਾਲੀਆਂ ਤਬਦੀਲੀਆਂ ਦੀ ਸਮਝ ਵਿਕਸਤ ਕਰਨ ਲਈ ਮਾਪਿਆਂ ਨਾਲ ਨਿਰੰਤਰ ਗੱਲਬਾਤ ਕਰਨਾ ਤੇ ਸਮਾਜਿਕ ਸਮਝ ਵਿਕਸਤ ਕਰਨਾ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਪ੍ਰਿੰਸੀਪਲ ਡਾ. ਸਚਿੰਦਰ ਕੌਰ, ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਗੌਰਵ ਰੋਹਿਲਾ, ਕੋਆਰਡੀਨੇਟਰ ਮੀਨਾ ਕੁਮਾਰੀ, ਮਨੋਵਿਗਿਆਨ ਲੈਕਚਰਾਰ ਪੁਸ਼ਪਾ,ਅਨਿਲ ਗੁਪਤਾ, ਰਾਜ ਕੁਮਾਰ ਮੌਜੂਦ ਸਨ।