ਜੀਐੱਸਟੀ ਵਿਭਾਗ ਦੀ ਚੈਕਿੰਗ ਖ਼ਿਲਾਫ਼ ਦੁਕਾਨਦਾਰਾਂ ਨੇ ਆਵਾਜਾਈ ਰੋਕੀ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 22 ਦਸੰਬਰ
ਜੀਐੱਸਟੀ ਵਿਭਾਗ ਵੱਲੋਂ ਭਗਤਾ ਭਾਈ ਵਿੱਚ ਦੁਕਾਨਾਂ ਦੀ ਕੀਤੀ ਗਈ ਚੈਕਿੰਗ ਦਾ ਵਿਰੋਧ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਬਾਜਾਖਾਨਾ-ਬਰਨਾਲਾ ਸੜਕ ’ਤੇ ਜਾਮ ਲਾਇਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਜੀਐੱਸਟੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਰੋਜ਼ਾਨਾ ਚੈਕਿੰਗ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜੀਐੱਸਟੀ ਵਿਭਾਗ ਦੇ ਅਧਿਕਾਰੀ ਸ਼ਹਿਰ ਦੀ ਇੱਕ ਦੁਕਾਨ ’ਤੇ ਚੈਕਿੰਗ ਕਰਨ ਲਈ ਪਹੁੰਚੇ, ਜਿਸ ਦੀ ਭਿਣਕ ਮਿਲਦਿਆਂ ਹੀ ਸਥਾਨਕ ਵਪਾਰ ਮੰਡਲ ਦੇ ਆਗੂ ਤੇ ਦੁਕਾਨਦਾਰ ਦੁਕਾਨ ਅੱਗੇ ਇਕੱਠੇ ਹੋ ਗਏ। ਉਨ੍ਹਾਂ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਘੇਰ ਲਿਆ। ਬਾਅਦ 'ਚ ਪੁਲੀਸ ਨੇ ਦਖ਼ਲ ਦੇ ਕੇ ਉਕਤ ਅਧਿਕਾਰੀਆਂ ਨੂੰ ਇਕੱਠ ’ਚੋਂ ਬਾਹਰ ਕੱਢ ਲਿਆ ਜਿਸ ਕਾਰਨ ਦੁਕਾਨਦਾਰ ਹੋਰ ਵਿੱਚ ਆ ਗਏ ਤੇ ਉਨ੍ਹਾਂ ਜਾਮ ਲਗਾ ਕੇ ਧਰਨਾ ਲਗਾ ਦਿੱਤਾ। ਵਪਾਰ ਮੰਡਲ ਦੇ ਆਗੂਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਭਗਤਾ ਭਾਈ ਛੋਟਾ ਜਿਹਾ ਪੇਂਡੂ ਕਸਬਾ ਹੈ ਪਰ ਜੀਐੱਸਟੀ ਵਿਭਾਗ ਵੱਲੋਂ ਛਾਪੇ ਮਾਰ ਕੇ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਚੈਕਿੰਗ ਕਰਨ ਆਏ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਵਿਭਾਗ ਦੇ ਹੁਕਮਾਂ ਤਹਿਤ ਚੈਕਿੰਗ ਕਰਨ ਆਏ ਸਨ।
ਦੂਜੇ ਪਾਸੇ ਟੈਕਸ ਅਫਸਰ ਬਠਿੰਡਾ ਜਤਿੰਦਰ ਬਾਂਸਲ ਦੇ ਬਿਆਨਾਂ 'ਤੇ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਕੁਝ ਦੁਕਾਨਦਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ 'ਚ ਉਨ੍ਹਾਂ ਕਿਹਾ ਕਿ ਜਦੋਂ ਉਹ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਇਕ ਸਟੋਰ ਤੇ ਗੋਦਾਮ ਦੀ ਚੈਕਿੰਗ ਕਰਨ ਲਈ ਆਏ ਸਨ ਤਾਂ ਉਨ੍ਹਾਂ ਨੂੰ ਦੁਕਾਨ ਦੇ ਅੰਦਰ ਸ਼ਟਰ ਬੰਦ ਕਰ ਕੇ ਬੰਦੀ ਬਣਾ ਲਿਆ ਤੇ ਉਨ੍ਹਾਂ ਤੋਂ ਫਰਮ ਦੇ ਕਾਗਜ਼ਾਤ ਤੇ ਪੰਚਨਾਮਾ ਕਥਿਤ ਤੌਰ ’ਤੇ ਖੋਹ ਲਏ ਤੇ ਧਮਕੀਆਂ ਦਿੱਤੀਆਂ। ਇਸ ਮਾਮਲੇ 'ਚ ਮਿਠੁਨ ਲਾਲ, ਕ੍ਰਿਸ਼ਨ ਕੁਮਾਰ, ਪਵਨ ਅਤੇ 4-5 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਕਰ ਲਿਆ ਹੈ।