ਜੀਐੱਚਜੀ ਕਾਲਜ ਵਿੱਚ ਮੁਲਾਜ਼ਮ ਰਾਮ ਫੇਰ ਨੂੰ ਵਿਦਾਇਗੀ ਪਾਰਟੀ
ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਜੂਨ
ਇੱਥੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਦੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਖੇਡ ਵਿਭਾਗ ਦੇ ਕਰਮਚਾਰੀ ਰਾਮ ਫੇਰ ਨੂੰ 35 ਸਾਲ ਦੀ ਸੇਵਾ ਬਾਅਦ ਸ਼ਾਨਦਾਰ ਸੇਵਾਮੁਕਤੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਉਨ੍ਹਾਂ ਦੀ ਪਤਨੀ ਰਾਮ ਰੱਤੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਇੰਦਰਜੀਤ ਸਿੰਘ, ਖੇਡ ਵਿਭਾਗ ਦੇ ਸਾਬਕਾ ਮੁਖੀ ਪ੍ਰੋਫ਼ੈਸਰ ਤੇਜਿੰਦਰ ਸਿੰਘ, ਕੋਚ ਮਲਕੀਤ ਸਿੰਘ ਗਿੱਲ, ਨਾਨ-ਟੀਚਿੰਗ ਸਟਾਫ਼ ਦੇ ਰਣਜੀਤ ਸਿੰਘ ਨੇ ਰਾਮ ਫੇਰ ਦੀ ਨਿਰਸਵਾਰਥ, ਅਣਥੱਕ ਅਤੇ ਨਿਰੰਤਰ ਸੇਵਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਲਈ ਸਿਹਤਮੰਦ ਅਤੇ ਖ਼ੁਸ਼ਹਾਲ ਸੇਵਾਮੁਕਤ ਜੀਵਨ ਦੀ ਕਾਮਨਾ ਕੀਤੀ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਾਲਜ ਦੇ ਖੇਡ ਵਿਭਾਗ ਦੀਆਂ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਵਿੱਚ ਰਾਮ ਫੇਰ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਲਜ ਦੇ ਹਰ ਕੋਨੇ ਵਿੱਚ ਲੱਗੇ ਫੁੱਲ-ਪੱਤੀਆਂ ਵਿੱਚੋਂ ਰਾਮ ਫੇਰ ਦੀ ਮਿਹਨਤ ਦੇ ਪਸੀਨੇ ਦੀ ਖ਼ੁਸ਼ਬੂ ਲੰਬਾ ਸਮਾਂ ਆਉਂਦੀ ਰਹੇਗੀ। ਹਿੰਦੀ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਰਜਿੰਦਰ ਸਾਹਿਲ ਨੇ ਕਿਹਾ ਕਿ ਰਾਮ ਫੇਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਇਸ ਸੰਸਥਾ ਦੀ ਸੇਵਾ ਕੀਤੀ ਹੈ। ਕਾਲਜ ਦੇ ਪ੍ਰਬੰਧਕਾਂ, ਖੇਡ ਵਿਭਾਗ ਅਤੇ ਨਾਨ-ਟੀਚਿੰਗ ਵਿਭਾਗ ਦੇ ਸਹਿਯੋਗੀ ਕਰਮਚਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਸੁਰਿੰਦਰ ਗੁਪਤਾ, ਕੋਚ ਮੁਹੰਮਦ ਅਕਬਰ, ਪ੍ਰੋ. ਮਨਪ੍ਰੀਤ, ਪ੍ਰੋ. ਬਲਜੀਤ, ਪ੍ਰੋ. ਗੁਰਪ੍ਰੀਤ ਮੱਲ੍ਹੀ, ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਦੇ ਮੈਂਬਰ ਮੌਜੂਦ ਸਨ।