ਜਿਨਸੀ ਸੋਸ਼ਣ ਮਾਮਲੇ ’ਚ ਗ੍ਰਿਫ਼ਤਾਰ ‘ਆਪ’ ਆਗੂ ਦੀ ਸਿਹਤ ਵਿਗੜੀ
ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਮਈ
ਆਪਣੇ ਸਟੂਡੀਓ ਵਿੱਚ ਕੰਮ ਕਰਨ ਵਾਲੀ ਲੜਕੀ ਨਾਲ ਜਿਨਸੀ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ‘ਆਪ’ ਦੇ ਹਲਕਾ ਰਾਏਕੋਟ ਦੇ ਦਲਿਤ ਵਿੰਗ ਮੁਖੀ ਮੇਵਾ ਸਿੰਘ ਹਲਵਾਰਾ ਦੀ ਅਚਾਨਕ ਸਿਹਤ ਵਿਗੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸੁਧਾਰ ਪੁਲੀਸ ਨੇ ਮੇਵਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜਦੋਂ ਉਸ ਨੂੰ ਡਾਕਟਰੀ ਜਾਂਚ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਹ ਅਚਾਨਕ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਮੇਵਾ ਸਿੰਘ ਦਿਲ ਦੇ ਰੋਗ ਤੋਂ ਪੀੜਤ ਹੈ ਤੇ ਉਸ ਦਾ ਦੋ ਵਾਰ ਅਪ੍ਰੇਸ਼ਨ ਹੋ ਚੁੱਕਿਆ ਹੈ।
ਪੁਲੀਸ ਅਧਿਕਾਰੀਆਂ ਨੇ ਮੇਵਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਮਗਰੋਂ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਅਨੁਸਾਰ ਮੇਵਾ ਸਿੰਘ ਦੀ ਸੁਰੱਖਿਆ ਲਈ ਹਸਪਤਾਲ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਮੇਵਾ ਸਿੰਘ ਦੇ ਦਿਮਾਗ਼ ਵਿੱਚ ਖ਼ੂਨ ਦਾ ਗਤਲਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਗਲੋਬਲ ਹਸਪਤਾਲ ਦੇ ਡਾ. ਸੁਮੇਲ ਅਨੁਸਾਰ ਮੇਵਾ ਸਿੰਘ ਦੇ ਦਿਲ ਦੀ ਹਾਲਤ ਸਥਿਰ ਹੈ ਪਰ ਉਸ ਦੀ ਛਾਤੀ ਵਿੱਚ ਗੰਭੀਰ ਇਨਫੈਕਸ਼ਨ ਹੈ। ਪਰਿਵਾਰ ਮੈਂਬਰਾਂ ਅਨੁਸਾਰ ਮੇਵਾ ਸਿੰਘ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਮਾਹਰ ਡਾਕਟਰਾਂ ਅਨੁਸਾਰ ਮੇਵਾ ਸਿੰਘ ਦੇ ਦਿਮਾਗ਼ੀ ਟੈੱਸਟਾਂ ਦੀ ਮੁਕੰਮਲ ਰਿਪੋਰਟ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ।