ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਊਣ ਦਾ ਚਾਅ

04:37 AM May 13, 2025 IST
featuredImage featuredImage

ਮੋਹਨ ਸ਼ਰਮਾ

Advertisement

ਕੋਈ 65 ਸਾਲਾਂ ਦਾ ਬਜ਼ੁਰਗ ਨਸ਼ਾ ਮੁਕਤ ਹੋਣ ਲਈ ਆਇਆ। ਇਕੱਲਾ ਹੀ ਆਇਆ ਸੀ। ਉਹਨੂੰ ਆਦਰ ਨਾਲ ਕੁਰਸੀ ’ਤੇ ਬਿਠਾ ਕੇ ਪੁੱਛਿਆ, “ਤੁਹਾਨੂੰ ਇਸ ਉਮਰ ’ਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?” ਸੰਖੇਪ ਜਿਹਾ ਜਵਾਬ ਸੀ, “ਬਸ ਜੀ, ਜਦੋਂ ਜਾਗੋ ਉਦੋਂ ਹੀ ਸਵੇਰਾ ਹੁੰਦੈ। ਸੁਰਤ ਹੀ ਹੁਣ ਆਈ ਆ।” ਬਜ਼ੁਰਗ ਦੀ ਦ੍ਰਿੜ ਇੱਛਾ ਸ਼ਕਤੀ ਦੇਖ ਕੇ ਉਹਨੂੰ ਦਾਖ਼ਲ ਕਰ ਲਿਆ। ਘਰ ਦਾ ਥਹੁ-ਟਿਕਾਣਾ ਪੁੱਛਿਆ ਤਾਂ ਫਿਰ ਸੰਖੇਪ ਜਵਾਬ: “ਪਿੱਛਾ ਤਾਂ ਮੇਰਾ ਮੋਗੇ ਨੇੜੇ ਇੱਕ ਪਿੰਡ ਦਾ ਹੈ ਪਰ ਮੈਂ ਪਿਛਲੇ 20 ਸਾਲ ਤੋਂ ਸਮਾਣੇ ਲਾਗੇ ਇੱਕ ਜ਼ਿਮੀਂਦਾਰ ਕੋਲ ਰਹਿ ਰਿਹਾਂ। ਤੁਸੀਂ ਉਨ੍ਹਾਂ ਦਾ ਪਤਾ ਲਿਖ ਲਵੋ।” ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਹਨੂੰ ਵਾਰਡ ਵਿੱਚ ਭੇਜ ਦਿੱਤਾ। ਬਜ਼ੁਰਗ ਨੇ ਅਤੀਤ ਬਾਰੇ ਚੁੱਪ ਵੱਟੀ ਰੱਖੀ।
ਕੁਝ ਹੀ ਦਿਨਾਂ ’ਚ ਉਹ ਦੂਜੇ ਮਰੀਜ਼ਾਂ ਨਾਲ ਰਚ-ਮਿਚ ਗਿਆ। ਉਮਰ ਦੇ ਲਿਹਾਜ਼ ਨਾਲ ਦੂਜੇ ਨਸ਼ਈ ਮਰੀਜ਼ ਅਤੇ ਸਟਾਫ ਉਹਦੀ ਕਦਰ ਕਰਦਾ ਸੀ। ਉਹ ਸਭ ਦਾ ‘ਬਾਬਾ ਜੀ’ ਬਣ ਗਿਆ ਤੇ ਬਾਬੇ ਵਾਲੇ ਕਰਮ ਵੀ ਨਿਭਾਉਣ ਲੱਗ ਪਿਆ। ਸਵੇਰੇ ਛੇਤੀ ਉੱਠ ਕੇ ਇਸ਼ਨਾਨ ਤੇ ਪਾਠ ਕਰਨਾ, ਆਲੇ-ਦੁਆਲੇ ਦੀ ਸਫਾਈ ਉਹਦਾ ਨਿੱਤ ਨੇਮ ਸੀ। ਦੂਜੇ ਮਰੀਜ਼ਾਂ ਨੂੰ ਅਕਸਰ ਸਮਝਾਉਂਦਾ, “ਆਪਾਂ ਇੱਥੇ ਮੂੰਗੀ ਲੈਣ ਤਾਂ ਆਏ ਨਹੀਂ। ਜਿਸ ਮਕਸਦ ਵਾਸਤੇ ਆਏ ਹਾਂ, ਉਹ ਹੈ ਨਸ਼ਾ ਛੱਡਣ ਦਾ। ਤੁਸੀਂ ਮੈਥੋਂ ਉਮਰ ਵਿੱਚ ਬਹੁਤ ਛੋਟੇ ਓਂ, ਮੇਰੀ ਗੱਲ ਪੱਲੇ ਬੰਨ੍ਹ ਲਵੋ- ਨਸ਼ਈ ਨੂੰ ਕੋਈ ਡੇਲਿਆਂ ਵੱਟੇ ਨਹੀਂ ਸਿਆਣਦਾ। ਸਭ ਨਫ਼ਰਤ ਕਰਦੇ। ਕੋਈ ਰਿਸ਼ਤੇਦਾਰ ਘਰ ਵਾੜ ਕੇ ਖੁਸ਼ ਨਹੀਂ ਹੁੰਦਾ। ਅਗਲੇ ਕਹਿੰਦੇ, ਕਿਤੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਘਰ ਦਾ ਸਮਾਨ ਹੀ ਚੋਰੀ ਕਰ ਕੇ ਨਾ ਲੈ ਜਾਵੇ।” ਫਿਰ ਥੋੜ੍ਹਾ ਰੁਕ ਕੇ ਦਾਨਿਆਂ ਵਾਂਗ ਅਗਲੀ ਗੱਲ ਛੋਹ ਲੈਂਦਾ, “ਦਿਲ ’ਤੇ ਹੱਥ ਰੱਖ ਕੇ ਸੋਚੋ, ਆਪਾਂ ਨਾ ਤਾਂ ਚੰਗੇ ਪਤੀ ਬਣ ਸਕੇ, ਨਾ ਚੰਗੇ ਪੁੱਤ ਅਤੇ ਨਾ ਹੀ ਚੰਗੇ ਬਾਪ... ਬਸ ਚਾਰੇ ਪਾਸਿਓਂ ਤੋਏ-ਤੋਏ ਹੀ ਕਰਵਾਈ। ਆਪਾਂ ਨੂੰ ਹੁਣ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲਿਐ, ਸਟਾਫ ਵਧੀਐ। ਡਾਇਰੈਕਟਰ ਘਰ ਦੇ ਜੀਆਂ ਵਾਂਗ ਤਿਹੁ ਕਰਦੈ। ਭਲਾ ਆਪਾ ਤੋਂ ਉਹ ਕੀ ਆਸ ਰੱਖਦੈ? ਇਹੋ ਚਾਹੁੰਦੈ, ਬਈ ਆਪਾਂ ਨਸ਼ਾ ਛੱਡ ਕੇ ਚੰਗੇ ਬੰਦੇ ਬਣੀਏ। ਬਥੇਰਾ ਕੁਝ ਗੁਆ ਲਿਆ ਆਪਾਂ। ਹੁਣ ਨਸ਼ਾ ਛੱਡ ਕੇ ਨੇਕੀ ਦੇ ਰਾਹ ਚੱਲੀਏ।” ਉਹ ਨਸ਼ਾ ਛੱਡਣ ਦੇ ਨਾਲ-ਨਾਲ ਦੂਜਿਆਂ ਨੂੰ ਸੁਚੱਜੀ ਅਗਵਾਈ ਵੀ ਦੇ ਰਿਹਾ ਸੀ।
ਸ਼ਾਮ ਨੂੰ ਮੈਂ ਦੋ ਘੰਟੇ ਯੋਗ, ਮੈਡੀਟੇਸ਼ਨ ਅਤੇ ਕੌਂਸਲਿੰਗ ਲਈ ਦਾਖ਼ਲ ਮਰੀਜ਼ਾਂ ਨਾਲ ਗੁਜ਼ਾਰਦਾ ਸੀ। ਬਜ਼ੁਰਗ ਨੂੰ ਦਾਖ਼ਲ ਹੋਇਆਂ ਵੀਹ ਕੁ ਦਿਨ ਹੋ ਗਏ ਸਨ, ਇਸ ਦਰਮਿਆਨ ਉਸ ਨਾਲ ਅਪਣੱਤ ਵਾਲਾ ਰਿਸ਼ਤਾ ਬਣ ਗਿਆ ਸੀ। ਇੱਕ ਸ਼ਾਮ ਯੋਗ ਕਿਰਿਆਵਾਂ ਕਰਵਾਉਣ ਪਿੱਛੋਂ ਮੈਂ ਕਿਹਰ ਸਿੰਘ ਨਾਂ ਦੇ ਉਸ ਬਜ਼ੁਰਗ ਨਾਲ ਇਧਰ-ਉਧਰ ਦੀਆਂ ਗੱਲਾਂ ਕਰਨ ਬਾਅਦ ਬੜੀ ਅਪਣੱਤ ਨਾਲ ਪੁੱਛਿਆ, “ਕਿਹਰ ਸਿਆਂ, ਆਪਣਾ ਘਰ-ਬਾਰ ਛੱਡ ਕੇ 20 ਸਾਲ ਬੇਗਾਨੇ ਥਾਂ ਇਸ ਉਮਰੇ ਵੀ ਹੱਡ ਭੰਨਵੀਂ ਮਿਹਨਤ ਕਰਦਾ ਰਿਹੈਂ... ਆਖਿ਼ਰ ਕਿਹੜੀ ਮਜਬੂਰੀ ਸੀ?” ਸਵਾਲ ਸੁਣ ਕੇ ਉਹ ਉਦਾਸ ਹੋ ਗਿਆ। ਕੁਝ ਦੇਰ ਖਾਮੋਸ਼ ਰਿਹਾ, ਫਿਰ ਦਰਦ ਬਿਆਨ ਕਰਨ ਲੱਗ ਪਿਆ, “ਪਰਿਵਾਰ ਨਾਲੋਂ ਆਪਣੇ ਲੱਛਣਾਂ ਕਰ ਕੇ ਹੀ ਵਿਛੜਿਆਂ। ਸਾਡਾ ਜ਼ਿਮੀਦਾਰਾ ਪਰਿਵਾਰ ਆ, ਦੋ-ਢਾਈ ਕਿੱਲੇ ਜ਼ਮੀਨ ਆ। ਖੇਤੀ ਕਰਦਿਆਂ ਪਹਿਲਾਂ ਜ਼ਰਦੇ ਦੀ ਲਤ ਲੱਗੀ, ਫਿਰ ਹੋਰ ਜ਼ਿਆਦਾ ਹੱਡ ਭੰਨਵੀਂ ਮਿਹਨਤ ਕਰਨ ਦੇ ਮੰਤਵ ਨਾਲ ਭੁੱਕੀ ਖਾਣ ਲੱਗ ਪਿਆ। ਕਦੇ-ਕਦੇ ਅਫੀਮ ਵੀ ਖਾ ਲੈਂਦਾ। ਸ਼ਾਮ ਨੂੰ ਦਾਰੂ ਵੀ ਡੱਫ ਲੈਂਦਾ। ਪਤਨੀ ਨਾਲ ਖੇਤ ਵਿੱਚ ਕੰਮ ਕਰਵਾਉਂਦੀ। ਇੱਕ ਮੁੰਡਾ ਹੈ, ਉਹਨੂੰ ਅਸੀਂ ਸਕੂਲ ਪੜ੍ਹਨ ਪਾਇਆ ਹੋਇਆ ਸੀ। ਪੜ੍ਹਨ ’ਚ ਉਹ ਲਾਇਕ ਮੁੰਡਿਆਂ ਵਿੱਚੋਂ ਸੀ।... ਮੇਰੀ ਨਸ਼ਿਆਂ ਦੀ ਆਦਤ ਕਾਰਨ ਖੇਤੀ ਦਾ ਕੰਮ ਘਾਟੇ ’ਚ ਰਹਿਣ ਲੱਗ ਪਿਆ। ਜੱਟ ਲਈ ਪਿੰਡ ਵਿੱਚ ਦਿਹਾੜੀ ਕਰਨੀ ਔਖੀ ਆ। ਸ਼ਰੀਕਾਂ ਅੱਗੇ ਹੱਥ ਟੱਡਣੇ ਅਤੇ ਉਨ੍ਹਾਂ ਦੇ ਹੁਕਮ ਅਨੁਸਾਰ ਕੰਮ ਕਰਨਾ ਬਹੁਤ ਮੁਸ਼ਕਿਲ ਆ... ਸ਼ਹਿਰ ਦਿਹਾੜੀ ਕਰਨ ਲੱਗ ਪਿਆ। ਉੱਥੇ ਜਿਹੜੀ ਦਿਹਾੜੀ ਮਿਲਦੀ, ਉਹਦਾ ਨਸ਼ਾ-ਪੱਤਾ ਖਰੀਦ ਲੈਂਦਾ। ਸ਼ਾਮ ਨੂੰ ਖਾਲੀ ਜੇਬ ਜਦੋਂ ਘਰ ਪੁੱਜਦਾ ਤਾਂ ਕਲੇਸ਼ ਰਹਿਣ ਲੱਗ ਪਿਆ। ਸੱਚੀਂ, ਮੈਂ ਆਪ ਉਨ੍ਹਾਂ ’ਤੇ ਬੋਝ ਜਿਹਾ ਮਹਿਸੂਸ ਕਰਨ ਲੱਗ ਪਿਆ। ਇਕ-ਦੋ ਵਾਰ ਮਰਨ ਦਾ ਵੀ ਵਿਚਾਰ ਆਇਆ।”
ਉਹ ਕੁਝ ਦੇਰ ਚੁੱਪ ਰਿਹਾ। ਸਾਰੇ ਬਾਬੇ ਦੀ ਆਪ-ਬੀਤੀ ਸੁਣ ਰਹੇ ਸੀ। ਗਲਾ ਸਾਫ ਕਰ ਕੇ ਉਹਨੇ ਗੱਲ ਅਗਾਂਹ ਤੋਰੀ, “ਫਿਰ ਜੀ, ਇੱਕ ਦਿਨ ਮੈਂ ਸ਼ਹਿਰ ਦਿਹਾੜੀ ਕਰਨ ਆਇਆ, ਸ਼ਹਿਰੋਂ ਬੱਸ ਫੜ ਕੇ ਸਮਾਣੇ ਪਹੁੰਚ ਗਿਆ। ਦੋ-ਚਾਰ ਦਿਨ ਦੀ ਭੱਜ-ਦੌੜ ਤੋਂ ਬਾਅਦ ਇੱਕ ਫਾਰਮ ’ਤੇ ਕੰਮ ਮਿਲ ਗਿਆ। ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਨ ਦੇ ਨਾਲ-ਨਾਲ ਰਾਤ ਨੂੰ ਫਾਰਮ ਦੀ ਰਾਖੀ ਵੀ ਕਰਦਾ। ਬਦਲੇ ਵਿੱਚ ਰੋਟੀ ਦੇ ਨਾਲ-ਨਾਲ ਫਾਰਮ ਦਾ ਮਾਲਕ ਮੇਰੇ ਨਸ਼ੇ ਦਾ ਪ੍ਰਬੰਧ ਕਰਦਾ ਰਿਹਾ।... ਕਈ ਵਾਰ ਘਰ ਜਾਣ ਨੂੰ ਦਿਲ ਵੀ ਕੀਤਾ; ਫਿਰ ਸੋਚਦਾ- ‘ਉਨ੍ਹਾਂ ’ਤੇ ਬੋਝ ਕਿਵੇਂ ਬਣਾਂ? ਖਬਰੈ, ਮੈਨੂੰ ਸਾਂਭਣ ਵੀ ਕਿ ਨਾ’।... ਹੁਣ ਥੋਡੇ ਲੜ ਲੱਗਿਆਂ। ਨਸ਼ਾ ਤਾਂ ਮੈਂ ਛੱਡਣਾ ਈ ਐ, ਫਿਰ ਪਿੰਡ ਗੇੜਾ ਮਾਰਾਂਗਾ। ਜੇ ਉਨ੍ਹਾਂ ਸਾਂਭ ਲਿਆ ਤਾਂ ਠੀਕ ਐ, ਨਹੀਂ ਫਿਰ ਥੋਡੇ ਚਰਨਾਂ ’ਚ ਆ ਕੇ ਇੱਥੇ ਸੇਵਾ ਕਰਾਂਗਾ।”
ਪਤਾ ਕੀਤਾ ਤਾਂ ਖ਼ਬਰ ਹੋਈ ਕਿ ਲੜਕਾ ਬੜਾ ਸਾਊ ਤੇ ਮਿਹਨਤੀ ਹੈ। ਬੀਏ ਕਰ ਕੇ ਖੇਤ ’ਚ ਹੀ ਡੇਅਰੀ ਤੇ ਪੋਲਟਰੀ ਫਾਰਮ ਖੋਲ੍ਹਿਆ ਹੋਇਆ; ਚਾਰ-ਪੰਜ ਕਾਮੇ ਵੀ ਰੱਖੇ ਹੋਏ। ਬਾਬੇ ਦੀ ਘਰਵਾਲੀ ਵੀ ਤਕੜੀ ਹੈ। ਘਰੇ ਪੋਤਾ ਪੋਤੀ ਹਨ।
ਬਾਬਾ ਜਦੋਂ ਬਿਲਕੁਲ ਨਸ਼ਾ ਮੁਕਤ ਹੋ ਗਿਆ ਤਾਂ ਸਟਾਫ ਨੇ ਉਹਨੂੰ ਵਾਰਡ ਵਿੱਚੋਂ ਕੱਢ ਕੇ ਛੋਟੀਆਂ ਮੋਟੀਆਂ ਜਿ਼ੰਮੇਵਾਰੀਆਂ ਸੰਭਾਲ ਦਿੱਤੀਆਂ। ਫਿਰ ਇੱਕ ਦਿਨ ਉਹਦੇ ਪੁੱਤ ਨਾਲ ਫੋਨ ’ਤੇ ਸੰਪਰਕ ਕੀਤਾ। ਸਾਰੀ ਕਹਾਣੀ ਬਿਆਨ ਕੀਤੀ। ਅੱਗਿਓਂ ਮੁੰਡੇ ਦਾ ਹਲੀਮੀ ਭਰਿਆ ਜਵਾਬ ਸੀ, “ਸਾਰੀ ਉਮਰ ਮੇਰੀ ਮਾਂ ਇਹਦਾ ਨਸ਼ਾ ਛੁਡਵਾਉਣ ਲਈ ਸਿਰ-ਤੋੜ ਯਤਨ ਕਰਦੀ ਰਹੀ ਪਰ ਇਹਨੇ ਨਸ਼ਾ ਨਹੀਂ ਛੱਡਿਆ ਸਗੋਂ ਸਾਨੂੰ ਛੱਡ ਕੇ ਤੁਰ ਗਿਆ। ਖ਼ੈਰ, ਪਿਉ ਨੇ ਆਪਣੇ ਫਰਜ਼ ਤਾਂ ਨਹੀਂ ਨਿਭਾਏ ਪਰ ਪੁੱਤ ਆਪਣੇ ਫਰਜ਼ਾਂ ਤੋਂ ਨਹੀਂ ਭੱਜਦਾ। ਕੱਲ੍ਹ ਨੂੰ ਮੈਂ ਬਾਪੂ ਨੂੰ ਲੈਣ ਆਵਾਂਗਾ। ਬੇਬੇ ਵੀ ਆਵੇਗੀ ਨਾਲ।”
ਅਗਲੇ ਦਿਨ ਮਾਂ-ਪੁੱਤ ਆ ਗਏ। ਘਰਵਾਲੀ ਦੇ ਹੱਥ ਫੜ ਕੇ ਉਹ ਹੰਝੂ ਵਹਾਉਂਦਾ ਰਿਹਾ। ਪੁੱਤ ਨੂੰ ਜੱਫੀ ਪਾਉਣ ਸਮੇਂ ਵੀ ਉਹਦੇ ਹੰਝੂ ਰੁਕ ਨਹੀਂ ਸਨ ਰਹੇ। ਪੁੱਤ ਨੇ ਲਿਫਾਫਾ ਫੜਾਉਂਦਿਆਂ ਕਿਹਾ, “ਲਿਫਾਫੇ ’ਚ ਨਵਾਂ ਕਮੀਜ਼ ਪਜ਼ਾਮਾ ਤੇ ਪੱਗ ਆ। ਪਹਿਨ ਲੈ, ਫਿਰ ਚਲਦੇ ਆਂ ਪਿੰਡ।” ਨਵੇਂ ਕੱਪੜੇ ਤੇ ਪੱਗ ਬੰਨ੍ਹ ਕੇ ਉਹਦੀ ਦਿੱਖ ਹੋਰ ਨਿੱਖਰ ਗਈ। ਸਟਾਫ ਨੇ ਉਹਦੇ ਗਲ ਹਾਰ ਪਾ ਕੇ ਉਹਨੂੰ ਆਦਰ ਨਾਲ ਵਿਦਾਅ ਕੀਤਾ।
15 ਕੁ ਦਿਨਾਂ ਬਾਅਦ ਬਜ਼ੁਰਗ ਦਾ ਟੈਲੀਫੋਨ ਆਇਆ। ਉਹ ਬੜੇ ਉਤਸ਼ਾਹ ਨਾਲ ਦੱਸ ਰਿਹਾ ਸੀ, “ਮੈਂ ਤੇ ਘਰਵਾਲੀ ਹੁਣ ਖੇਤ ਰਹਿਣ ਲੱਗ ਪਏ ਆਂ। ਆਥਣੇ ਪੋਤਾ ਪੋਤੀ ਵੀ ਆ ਜਾਂਦੇ। ਜ਼ਿੰਦਗੀ ਦਾ ਨਜ਼ਾਰਾ ਈ ਹੁਣ ਆਇਐ। ਐਵੇਂ ਐਨੇ ਸਾਲ ਨਸ਼ਿਆਂ ਦੇ ਵਸ ਪੈ ਕੇ ਨਰਕ ਭੋਗਿਆ।”
ਉਹ ਖਿੜਖਿੜਾ ਰਿਹਾ ਸੀ। ਉਹਦੇ ਹਾਸੇ ਵਿੱਚੋਂ ਜ਼ਿੰਦਗੀ ਜਿਊਣ ਦਾ ਚਾਅ ਡੁੱਲ੍ਹ-ਡੁੱਲ੍ਹ ਪੈਂਦਾ ਸੀ।

ਸੰਪਰਕ: 94171-48866

Advertisement

Advertisement