ਜਾਰਜੀਆ ਵਿੱਚ ਮਰੇ ਨੌਜਵਾਨ ਦਾ ਜਲੰਧਰ ’ਚ ਸਸਕਾਰ
ਪੱਤਰ ਪ੍ਰੇਰਕ
ਜਲੰਧਰ, 25 ਦਸੰਬਰ
ਜਾਰਜੀਆ ਦੇ ਇੱਕ ਰੈਸਟੋਰੈਂਟ ਵਿੱਚ 14 ਦਸੰਬਰ ਨੂੰ ਗੈਸ ਲੀਕ ਹੋਣ ਦੀ ਘਟਨਾ ਵਿੱਚ ਮਰੇ ਪੰਜਾਬ ਦੇ 11 ਨੌਜਵਾਨਾਂ ਵਿੱਚੋਂ ਜਲੰਧਰ ਦੇ ਰਵਿੰਦਰ ਕਾਲਾ ਦੀ ਦੇਹ ਜਲੰਧਰ ਵਿਚ ਬੀਤੇ ਕੱਲ੍ਹ ਪਹੁੰਚੀ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਨੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ। ਇਸ ਮੌਕੇ ਪੀੜਤ ਪਰਿਵਾਰ ਵੀ ਮੌਜੂਦ ਸਨ। ਐਨਜੀਓ ਨੇ ਲਾਸ਼ਾਂ ਨੂੰ ਉਨ੍ਹਾਂ ਦੇ ਸਬੰਧਤ ਸਥਾਨਾਂ ਤੱਕ ਪਹੁੰਚਾਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ। ਜਲੰਧਰ ਵਾਸੀ ਰਾਵਿੰਦਰ ਕਾਲਾ ਦੇ ਪਰਿਵਾਰ ਨੇ ਕੋਟ ਰਾਮਦਾਸ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ। ਸਸਕਾਰ ਮੌਕੇ ਚੈਰੀਟੇਬਲ ਟਰੱਸਟ ਦੇ ਜਲੰਧਰ ਸਥਿਤ ਕਾਰਕੁਨ ਅਮਰਜੋਤ ਸਿੰਘ ਨੇ ਸ਼ਿਰਕਤ ਕੀਤੀ। ਦੱਸਣਾ ਬਣਦਾ ਹੈ ਕਿ ਕਾਲਾ ਨੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ ਸੀ। ਦੋ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਦੁਬਈ ਵਿੱਚ ਕੰਮ ਕਰਨ ਲਈ ਘਰ ਛੱਡ ਗਿਆ ਸੀ। ਉੱਥੋਂ ਕਾਲਾ ਬਿਹਤਰ ਭਵਿੱਖ ਲਈ ਜਾਰਜੀਆ ਚਲਾ ਗਿਆ ਸੀ। ਕਾਲਾ ਦੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਦੀਪਕ ਉਸ ਨੂੰ ਕਦੇ ਨਹੀਂ ਮਿਲਿਆ ਅਤੇ ਉਸ ਨੇ ਉਸ ਨੂੰ ਸਿਰਫ ਵੀਡੀਓ ਕਾਲਾਂ ਦੌਰਾਨ ਦੇਖਿਆ ਸੀ। ਟਰੱਸਟ ਦੇ ਮੈਂਬਰਾਂ ਨੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਪਰਿਵਾਰ ਨੇ ਕੰਚਨ ਲਈ ਨੌਕਰੀ ਦੀ ਮੰਗ ਕੀਤੀ ਹੈ। ਅਮਰਜੋਤ ਨੇ ਕਿਹਾ ਕਿ ਉਸ ਨੂੰ ਕੱਪੜਾ ਸਿਲਾਈ ਸੈਂਟਰ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਟਰੱਸਟ ਕੰਚਨ ਨੂੰ ਉਸ ਦੇ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਘਰ ਦੀ ਮੁਰੰਮਤ ਲਈ ਮਦਦ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।
ਤਰਨ ਤਾਰਨ ਦੇ ਸੰਦੀਪ ਸਿੰਘ ਦਾ ਅੰਤਿਮ ਸੰਸਕਾਰ
ਤਰਨ ਤਾਰਨ (ਪੱਤਰ ਪ੍ਰੇਰਕ):
ਕੁਝ ਦਿਨ ਪਹਿਲਾਂ ਜਾਰਜੀਆ ਵਿੱਚ ਵਾਪਰੇ ਗੈਸ ਕਾਂਡ ਵਿੱਚ ਮਾਰੇ ਗਏ ਤਰਨ ਤਾਰਨ ਦੇ ਵਾਸੀ ਸੰਦੀਪ ਸਿੰਘ (35) ਦਾ ਅੱਜ ਇਥੋਂ ਦੀ ਸੱਚਖੰਡ ਰੋਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ| ਉਸ ਦੀ ਮ੍ਰਿਤਕ ਦੇਹ ਦੇਸ਼ ਦੇ ਗ੍ਰਹਿ ਵਿਭਾਗ ਦੇ ਯਤਨਾਂ ਨਾਲ ਜਾਰਜੀਆ ਤੋਂ ਸ੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰ ਪੋਰਟ (ਅੰਮ੍ਰਿਤਸਰ) ਲਿਆਂਦੀ ਗਈ ਸੀ ਜਿਥੋਂ ਡਾ. ਸੁਰਿੰਦਰ ਪਾਲ ਸਿੰਘ ਓਬਰਾਓ ਦੀ ਅਗਵਾਈ ਵਾਲੇ ‘ਸਰਬਤ ਦਾ ਭਲਾ ਟਰਸਟ’ ਦੇ ਵਾਲੰਟੀਅਰਾਂ ਵਲੋਂ ਮ੍ਰਿਤਕ ਦੇਹ ਘਰ ਪਹੁੰਚਾਈ ਗਈ| ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਅਤੇ ਸੰਦੀਪ ਦੀ ਵਿਧਵਾ ਬਲਜੀਤ ਕੌਰ ਨੇ ਕਿਹਾ ਕਿ ਅੱਜ ਤੱਕ ਪਰਿਵਾਰ ਨਾਲ ਕਿਸੇ ਅਧਿਕਾਰੀ ਜਾਂ ਫਿਰ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਨੇ ਮਦਦ ਕਰਨ ਲਈ ਪੁੱਛਣ ਤਾਂ ਕੀ ਆਉਣਾ ਸੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਤੱਕ ਵੀ ਨਹੀਂ ਕੀਤਾ ਗਿਆ| ਮ੍ਰਿਤਕ ਦੇ ਪਿਤਾ ਬਲਵੰਤ ਸਿੰਘ ਨੇ ਕਿਹਾ ਕਿ ਉਸ ਨੇ ਛੇ ਲੱਖ ਰੁਪਏ ਉਧਾਰੇ ਲੈ ਕੇ ਸੰਦੀਪ ਸਿੰਘ ਨੂੰ ਅਜੇ ਛੇ ਮਹੀਨੇ ਪਹਿਲਾਂ ਹੀ ਜਾਰਜੀਆ ਭੇਜਿਆ ਸੀ ਅਤੇ ਉਸ ਤੋਂ ਅਜੇ ਇਹ ਬੋਝ ਉਤਾਰਿਆ ਨਹੀਂ ਗਿਆ।