ਜਾਤੀਮਾਜਰਾ ਦੀ ਪੰਚਾਇਤ ਵੱਲੋਂ ਨਸ਼ਿਆਂ ਖ਼ਿਲਾਫ਼ ਡਟਣ ਦਾ ਐਲਾਨ
ਹਰਦੀਪ ਸਿੰਘ ਸੋਢੀ
ਧੂਰੀ, 22 ਦਸੰਬਰ
ਪਿੰਡ ਜਾਤੀਮਾਜਰਾ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਸਰਪੰਚ ਅਮਨਦੀਪ ਸਿੰਘ ਵੜੈਚ ਦੀ ਅਗਵਾਈ ਹੇਠ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਵੜੈਚ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਨਸ਼ਿਆਂ ਵਿਰੁੱਧ ਮਤਾ ਪਾਸ ਕੀਤਾ ਹੈ। ਮਤੇ ਤਹਿਤ ਜੇਕਰ ਪਿੰਡ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਪੰਚਾਇਤ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ ਤੇ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ ਅਤੇ ਪੁਲੀਸ ਨੂੰ ਫੜਾਇਆ ਜਾਵੇਗਾ। ਜੇ ਉਹ ਵਿਅਕਤੀ ਦੁਬਾਰਾ ਇਹੀ ਗਲਤੀ ਕਰਦਾ ਹੈ ਤਾਂ ਉਸ ਤੋਂ ਦੁੱਗਣਾ ਜੁਰਮਾਨਾ ਵਸੂਲਿਆ ਜਾਵੇਗਾ। ਇਹ ਫ਼ੈਸਲਾ ਕੀਤਾ ਗਿਆ ਕਿ ਸਰਪੰਚ, ਪੰਚ, ਨੰਬਰਦਾਰ ਜਾਂ ਫਿਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ ਨਹੀਂ ਦੇਵੇਗਾ। ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਪੰਚਾਇਤ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਪੰਚਾਇਤ ਮੈਂਬਰ ਕਰਮਜੀਤ ਸਿੰਘ ,ਮਨਜੀਤ ਸਿੰਘ ,ਅਮਨਦੀਪ ਕੌਰ, ਬਸ਼ੀਰ ਮੁਹੰਮਦ, ਸ੍ਰੀਮਤੀ ਬਲਵੀਰ ਪੰਚਾਇਤ ਸੈਕਟਰੀ ਜਗਦੇਵ ਸਿੰਘ ਤੇ ਪਿੰਡ ਦੇ ਹੋਰ ਲੋਕ ਵੀ ਹਾਜ਼ਰ ਸਨ।