ਜਾਖੜ ਦੀ ਚੁਣੌਤੀ ਸਵੀਕਾਰ: ਅਮਨ ਅਰੋੜਾ
ਗਗਨਦੀਪ ਅਰੋੜਾ
ਲੁਧਿਆਣਾ, 11 ਜੂਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਹਾਲੀਆ ਬਿਆਨ ਦਾ ਸਵਾਗਤ ਕੀਤਾ ਹੈ। ਬਿਆਨ ਵਿੱਚ ਜਾਖੜ ਨੇ ਸੁਝਾਅ ਦਿੱਤਾ ਸੀ ਕਿ ਸਾਰੇ ਰਾਜਸੀ ਆਗੂਆਂ ਨੂੰ ਡਰੱਗ ਟੈੱਸਟ ਕਰਵਾਉਣੇ ਚਾਹੀਦੇ ਹਨ ਅਤੇ ਆਪਣੀਆਂ ਜਾਇਦਾਦਾਂ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਪਾਰਟੀ ਪ੍ਰਧਾਨਾਂ ਤੋਂ ਹੋਣੀ ਚਾਹੀਦੀ ਹੈ। ਇੱਥੇ ਅਮਨ ਅਰੋੜਾ ਨੇ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇੱਕ ਸੱਤਾਧਾਰੀ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹ ਇਸ ਪਹਿਲਕਦਮੀ ਦਾ ਸਵਾਗਤ ਕਰਦਾ ਹੈ ਅਤੇ ਆਪਣੀ ਜਾਇਦਾਦ ਦੇ ਵੇਰਵੇ, ਜੋ ਪਹਿਲਾਂ ਹੀ ਉਪਲਬਧ ਹਨ, ਉਸ ਦਾ ਖ਼ੁਲਾਸਾ ਕਰਨ ਅਤੇ ਜਾਖੜ ਵੱਲੋਂ ਨਿਰਧਾਰਿਤ ਸਮੇਂ ਅਤੇ ਸਥਾਨ ’ਤੇ ਡਰੱਗ ਟੈੱਸਟ ਕਰਵਾਉਣ ਲਈ ਤਿਆਰ ਹੈ। ਜਾਖੜ ਨੂੰ ਇਸ ਪਹਿਲਕਦਮੀ ਦੇ ਦਾਇਰੇ ਨੂੰ ਵਧਾਉਣ ਦੀ ਅਪੀਲ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਨੂੰ ਪੰਜਾਬ ਤੱਕ ਹੀ ਸੀਮਤ ਕਿਉਂ ਰੱਖਿਆ ਜਾਵੇ। ਇਮਾਨਦਾਰ ਲੀਡਰਸ਼ਿਪ ਦੀ ਦੇਸ਼ ਭਰ ਵਿੱਚ ਲੋੜ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਉਹ ਸੁਨੀਲ ਜਾਖੜ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਚਰਚਾ ਕਰਨ। ਉਹ ਵੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਇਸ ਸਬੰਧੀ ਸਲਾਹ-ਮਸ਼ਵਰਾ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪਾਰਦਰਸ਼ਤਾ ਦੇਸ਼ ਭਰ ਵਿੱਚ ਫੈਲ ਜਾਵੇ। ਅਰੋੜਾ ਨੇ ਜਾਖੜ ਨੂੰ ਹੁਣ ਆਪਣੀ ਗੱਲ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ। ਉਨ੍ਹਾਂ ਇਸ ਸਬੰਧੀ ਜਾਖੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਓ ਇਸ ਨੂੰ ਦੇਸ਼ ਭਰ ਦੀਆਂ ਸਾਰੀਆਂ ਪਾਰਟੀਆਂ ਲਈ ਇੱਕ ਮਿਸਾਲ ਬਣਾਈਏ। ਦੇਸ਼ ਇਮਾਨਦਾਰ ਨੇਤਾਵਾਂ ਦੀ ਉਡੀਕ ਕਰ ਰਿਹਾ ਹੈ।