ਜਾਅਲੀ ਕਰੰਸੀ ਛਾਪਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ, ਇੱਕ ਫਰਾਰ
ਪਟਿਆਲਾ (ਸਰਬਜੀਤ ਸਿੰਘ ਭੰਗੂ): ਥਾਣਾ ਕੋਤਵਾਲੀ ਪਟਿਆਲਾ ਦੀ ਪੁਲੀਸ ਨੇ ਜਾਅਲੀ ਕਰੰਸੀ ਛਾਪ ਕੇ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਦਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਫਰਾਰ ਹੋ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8.40 ਲੱਖ ਰੁਪਏ ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠਲੀ ਪੁਲੀਸ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਮਗਰੋਂ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਸਨੀ ਵਾਸੀ ਡੋਗਰਾਂ ਮੁਹੱਲਾ ਪਟਿਆਲਾ, ਗੌਤਮ ਕੁਮਾਰ ਵਾਸੀ ਜੱਟਾਂ ਵਾਲਾ ਚੌਂਤਰਾ ਪਟਿਆਲਾ ਤੇ ਕ੍ਰਿਸ਼ਨਾ ਵਾਸੀ ਨਿਊ ਮਾਲਵਾ ਕਲੋਨੀ ਨੇੜੇ ਲੱਕੜ ਮੰਡੀ ਪਟਿਆਲਾ ਅਤੇ ਇਨ੍ਹਾਂ ਦੇ ਫਰਾਰ ਹੋਏ ਸਾਥੀ ਦੀ ਪਛਾਣ ਮੋਹਿਤ ਮਹਿਤਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ‘ਚੋਂ ਜਾਅਲੀ ਨੋਟ ਛਾਪਣ ਲਈ ਵਰਤਿਆ ਜਾਣ ਵਾਲਾ ਪ੍ਰਿੰਟਰ, ਪੰਜ ਸੌ ਰੁਪਏ ਦੇ ਮੁੱਲ ਦੇ 1680 ਜਾਅਲੀ ਨੋਟ (8.40 ਲੱਖ ਰੁਪਏ) ਬਰਾਮਦ ਹੋਏ ਹਨ।