ਜਾਂਦੀ ਵਾਰ ਦੀ ਫਿਲਮ...
ਬਲਵਿੰਦਰ ਸਿੰਘ ਭੁੱਲਰ
ਸਾਢੇ ਪੰਜ ਦਹਾਕੇ ਪਹਿਲਾਂ ਦਾ ਸਮਾਂ ਸੀ, ਮੈਂ ਉਦੋਂ ਬੀਹਲੇ ਦੇ ਸਕੂਲ ਵਿਚ ਪੜ੍ਹਦਾ ਸਾਂ। ਮੇਰੇ ਸਹਿਪਾਠੀ ਹੈਪੀ ਦੀ ਬਜ਼ੁਰਗ ਦਾਦੀ ਦੀ ਮੌਤ ਹੋ ਗਈ। ਉਹਨਾਂ ਦਾ ਬਾਕੀ ਪਰਿਵਾਰ ਅਨਪੜ੍ਹ ਸੀ, ਬੱਸ ਇਹੋ ਇਕੱਲਾ ਜੀਅ ਸੀ ਪਰਿਵਾਰ ਦਾ ਜੋ ਪੜ੍ਹਦਾ ਸੀ। ਦਾਦੀ ਦੀਆਂ ਅਸਥੀਆਂ ਕੀਰਤਪੁਰ ਪਾਉਣ ਕੌਣ ਜਾਵੇ? ਸਮੱਸਿਆ ਖੜ੍ਹੀ ਹੋ ਗਈ। ਗੁਆਂਢੀਆਂ ਨੇ ਸਲਾਹ ਦਿੱਤੀ- “ਭਾਈ ਸੁੱਖ ਨਾਲ ਮੁੰਡਾ ਗੱਭਰੂ ਐ, ਪੜ੍ਹਿਆ ਲਿਖਿਆ ਐ, ਏਹਨੂੰ ਤੋਰ ਦਿਓ। ਆਪਣੇ ਨਾਲ ਭਾਵੇਂ ਇੱਕ ਜਣੇ ਨੂੰ ਹੋਰ ਲੈ ਜਾਵੇ।” ਪਰਿਵਾਰ ਵਾਲਿਆਂ ਨੇ ਵੀ ਠੀਕ ਸਮਝਿਆ ਤੇ ਹੈਪੀ ਨੂੰ ਫੁੱਲ ਪਾਉਣ ਜਾਣ ਲਈ ਕਿਹਾ। ਉਸ ਨੇ ਆਪਣੇ ਇੱਕ ਹੋਰ ਦੋਸਤ ਨੂੰ ਆਪਣੇ ਨਾਲ ਜਾਣ ਲਈ ਤਿਆਰ ਕਰ ਲਿਆ।
ਦੂਜੇ ਦਿਨ ਦਾਦੀ ਦੇ ਫੁੱਲ ਚੁਗੇ ਗਏ, ਇੱਕ ਥੈਲੀ ਵਿਚ ਪਾ ਕੇ ਪਰਨੇ ਨਾਲ ਉਸ ਦੇ ਮੋਢੇ ਨਾਲ ਬੰਨ੍ਹ ਦਿੱਤੇ। ਸਿਆਣੇ ਬਜ਼ੁਰਗਾਂ ਨੇ ਸਮਝਾਉਂਦਿਆਂ ਹੈਪੀ ਨੂੰ ਕਿਹਾ ਕਿ ਹੁਣ ਜਦੋਂ ਤੂੰ ਤੁਰੇਂਗਾ ਤਾਂ ਕਹਿ ਦੇਵੀਂ, “ਆ ਜਾ ਬੇਬੇ ਚੱਲੀਏ ਕੀਰਤਪੁਰ।” ਇਸੇ ਤਰ੍ਹਾਂ ਬੱਸ ਵਿਚ ਵੀ ਜਦੋਂ ਟਿਕਟ ਲਵੇਂਗਾ ਤਾਂ ਬੇਬੇ ਦੀ ਟਿਕਟ ਵਾਸਤੇ ਦਸੀ ਬੀਸੀ ਬੱਸ ‘ਚ ਸੁੱਟ ਦੇਵੀਂ। ਬੱਸ ‘ਚੋਂ ਉਤਰਨ ਵੇਲੇ, ਚੜ੍ਹਨ ਵੇਲੇ ਇਹ ਕਹਿਣੋਂ ਨਾ ਭੁੱਲੀ ਕਿ ‘ਆ ਜਾ ਬੇਬੇ ਉਤਰ ਜਾ ਜਾਂ ਚੜ੍ਹ ਜਾ’। ਜਦੋਂ ਰਾਹ ‘ਚ ਚਾਹ ਪੀਵੇਂ ਜਾਂ ਰੋਟੀ ਖਾਵੇਂ ਤਾਂ ਬੇਬੇ ਦੇ ਨਾਂ ਦੀ ਕਿਸੇ ਮੰਗਤੇ ਨੂੰ ਪਿਆ/ਖੁਆ ਦੇਵੀਂ। ਬੇਬੇ ਨੂੰ ਤੁਸੀਂ ਨਾਲ ਈ ਰੱਖਣੈ, ਜਿੱਧਰ ਜਾਣਾ ਹੋਵੇ, ਬੇਬੇ ਨੂੰ ਬੁਲਾ ਕੇ ਨਾਲ ਹੀ ਲਿਜਾਣਾ। ਜੇ ਅਜਿਹਾ ਨਾ ਕੀਤਾ ਤਾਂ ਬੇਬੇ ਰਾਹ ਵਿਚ ਹੀ ਰਹਿਜੂ, ਧੁਰ ਨਹੀਂ ਪਹੁੰਚਣੀ ਤੇ ਓਹਦੀ ਗਤੀ ਨਹੀਂ ਹੋਣੀ, ਵਿਚਾਰੀ ਭਟਕਦੀ ਰਹੂ।” ਹੈਪੀ ਨੇ ਵੀ ਸਤਿ ਬਚਨ ਕਹਿ ਕੇ ਸਿਆਣੀਆਂ ਗੱਲਾਂ ਤੇ ਸਲਾਹਾਂ ਪੱਲੇ ਬੰਨ੍ਹ ਲਈਆਂ।
ਹੈਪੀ ਫੁੱਲ ਲੈ ਕੇ ਤੁਰਨ ਲੱਗਾ ਤਾਂ ਉਸ ਨੇ ਦਾਦੀ ਨੂੰ ਆਵਾਜ਼ ਮਾਰੀ- “ਆ ਜਾ ਬੇਬੇ ਚੱਲੀਏ ਕੀਰਤਪੁਰ।” ਫਿਰ ਬੱਸ ਚੜ੍ਹ ਕੇ ਲੁਧਿਆਣੇ ਪਹੁੰਚ ਗਿਆ। ਸ਼ਾਮ ਹੋ ਗਈ ਸੀ, ਉੱਥੋਂ ਪਤਾ ਕੀਤਾ ਤਾਂ ਕੀਰਤਪੁਰ ਨੂੰ ਕੋਈ ਬੱਸ ਨਹੀਂ ਸੀ ਜਾਂਦੀ। ਉਸ ਜ਼ਮਾਨੇ ਵਿਚ ਬੱਸ ਸਰਵਿਸ ਬਹੁਤ ਘੱਟ ਹੁੰਦੀ ਸੀ। ਉਹਨਾਂ ਕਿਸੇ ਹੋਟਲ ਵਿਚ ਕਮਰਾ ਲੈ ਕੇ ਰਾਤ ਕੱਟਣ ਦਾ ਫੈਸਲਾ ਕੀਤਾ। ਉਹਨਾਂ ਹੁਣ ਫੁੱਲਾਂ ਵਾਲੀ ਪੋਟਲੀ ਮੋਢਿਓਂ ਲਾਹ ਕੇ ਝੋਲੇ ਵਿਚ ਪਾ ਲਈ; ਅਸਥੀਆਂ ਦੇਖ ਕੇ ਕਿਸੇ ਨੇ ਕਮਰਾ ਨਹੀਂ ਦੇਣਾ ਸੀ ਪਰ ਆਵਾਜ਼ ਮਾਰਨੀ ਯਾਦ ਰੱਖੀ। ਉਹ ਅੱਡੇ ‘ਚੋਂ ਇਹ ਕਹਿ ਕੇ ਤੁਰ ਪਏ- “ਆ ਜਾ ਬੇਬੇ, ਹੋਟਲ ਵਿਚ ਰਹਿਣਾ ਪਊ, ਸੁਬ੍ਹਾ ਚੱਲਾਂਗੇ ਕੀਰਤਪੁਰ।”
ਲੁਧਿਆਣਾ ਵੱਡਾ ਸ਼ਹਿਰ ਸੀ। ਕਈ ਸਿਨਮੇ ਸਨ। ਪਿੰਡਾਂ ਵਾਲੇ ਮੁੰਡਿਆਂ ਦਾ ਤਾਂ ਕਦੇ ਸਾਲਾਂ ਬੱਧੀ ਹੀ ਫਿਲਮ ਦੇਖਣ ਦਾ ਸਬਬ ਬਣਦਾ ਸੀ, ਉਹਨਾਂ ਦਾ ਦਿਲ ਵੀ ਫਿਲਮ ਦੇਖਣ ਨੂੰ ਕੀਤਾ। ਫਿਰ ਫਿਕਰ ਹੋਇਆ ਕਿ ਫੁੱਲਾਂ ਦਾ ਕੀ ਕਰੀਏ। ਕਾਫ਼ੀ ਦੇਰ ਸੋਚਣ ਬਾਅਦ ਹੈਪੀ ਨੇ ਆਪਣੇ ਦੋਸਤ ਨੂੰ ਫਿਲਮ ਦੇਖਣ ਲਈ ਜਾਣ ਵਾਸਤੇ ਉਠਾ ਲਿਆ ਅਤੇ ਫੁੱਲਾਂ ਵਾਲਾ ਝੋਲਾ ਚੁੱਕ ਕੇ ਕਿਹਾ- “ਆ ਜਾ ਬੇਬੇ ਤੈਨੂੰ ਫਿਲਮ ਵੀ ਦਿਖਾ ਈ ਦੇਈਏ, ਜਾਂਦੀ ਵਾਰ ਦੀ।” ਉਹ ਹੋਟਲ ‘ਚੋਂ ਨਿਕਲੇ ਤੇ ਰਿਕਸ਼ਾ ਲੈ ਕੇ ਆਰਤੀ ਸਿਨਮੇ ਵੱਲ ਚੱਲ ਪਏ। ਅਗਲੇ ਦਿਨ ਉਹ ਕੀਰਤਪੁਰ ਵਾਲੀ ਬੱਸ ਜਾ ਚੜ੍ਹੇ।
ਸੰਪਰਕ: 98882-75913