ਜ਼ੀਰਾ: ਡੱਲੇਵਾਲ ਦੇ ਹੱਕ ’ਚ ਮੋਮਬੱਤੀ ਮਾਰਚ
ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਕਿਸਾਨੀ ਦੀਆਂ ਹੱਕੀ ਮੰਗਾਂ ਲਈ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਜ਼ੀਰਾ ਸ਼ਹਿਰ ਵਿੱਚ ਸਾਂਝਾ ਮੋਰਚਾ ਜ਼ੀਰਾ, ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਘੰਟਾ ਘਰ ਮੁੱਖ ਚੌਕ ਜ਼ੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ੇਰਾਂ ਵਾਲਾ ਚੌਕ ਜ਼ੀਰਾ ਵਿੱਚ ਸਮਾਪਤ ਹੋਇਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਡਟ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਆਪਣੀ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ ਉਹ ਕੁਝ ਹੀ ਮੰਗ ਰਹੇ ਹਨ, ਜਿਸ ਦਾ ਵਾਅਦਾ ਕੇਂਦਰ ਸਰਕਾਰ ਨੇ ਖ਼ੁਦ ਕੀਤਾ ਸੀ। ਇਸ ਮਾਰਚ ਵਿੱਚ ਬੀ.ਕੇ.ਯੂ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ, ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਚੌਹਾਨ, ਬਲਾਕ ਮੀਤ ਪ੍ਰਧਾਨ ਜਗਪਾਲ ਸਿੰਘ ਸੋਢੀਵਾਲਾ, ਕੁਲਵਿੰਦਰ ਸਿੰਘ, ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਪਰਮਜੀਤ ਕੌਰ ਮੁੱਦਕੀ, ਹਰਪ੍ਰੀਤ ਕੌਰ, ਨਾਇਬ ਸਿੰਘ ਬਹਿਰਾਮਕੇ, ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਨਛੱਤਰ ਸਿੰਘ, ਹੈਲਪਿੰਗ ਹੈਂਡਜ਼ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਬਲਕਾਰ ਸਿੰਘ ਜੋਗੇਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਕਾਲੀ ਦਲ ਅੰਮ੍ਰਿਤਸਰ, ਰੋਮਨ ਬਰਾੜ ਆਗੂ ਸਾਂਝਾ ਮੋਰਚਾ ਜ਼ੀਰਾ, ਸਾਹਿਤਕਾਰ ਗੁਰਚਰਨ ਨੂਰਪੁਰ, ਸਰਪੰਚ ਗੁਰਮੇਲ ਸਿੰਘ, ਗੁਰਭਾਗ ਸਿੰਘ ਮਰੂੜ, ਜਗਰਾਜ ਸਿੰਘ, ਜਗਸੀਰ ਸਿੰਘ, ਅਜੀਤ ਸਿੰਘ, ਦਲੀਪ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਪਿੰਡਾਂ ਦੇ ਲੋਕ ਹਾਜ਼ਰ ਸਨ।