ਜ਼ਿੰਦਾ ਸਾੜੀ ਅਮਰੀਕੀ ਨਾਗਰਿਕ ਔਰਤ ਨੇ ਦਮ ਤੋੜਿਆ
05:58 AM Mar 27, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਮਾਰਚ
ਸਨਅਤੀ ਸ਼ਹਿਰ ਦੇ ਹੈਬੋਵਾਲ ਇਲਾਕੇ ਵਿੱਚ ਰਹਿ ਰਹੀ 60 ਸਾਲਾ ਪਰਵਾਸੀ ਭਾਰਤੀ ਔਰਤ ਨੂੰ ਘਰ ਵਿੱਚ ਜ਼ਿੰਦਾ ਜਲਾ ਦਿੱਤਾ ਗਿਆ। ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਧੀ ਰਵਿੰਦਰ ਕੌਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ, ਅੱਜ ਉਸ ਦੀ ਮਾਂ ਨਰਿੰਦਰ ਕੌਰ ਦਿਓਲ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਅਮਰੀਕਾ ਤੋਂ ਲੁਧਿਆਣਾ ਪੁੱਜੀ ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਅਮਰੀਕਾ ਦੀ ਸਿਟੀਜ਼ਨ ਸੀ। ਉਨ੍ਹਾਂ ਹੈਬੋਵਾਲ ਸਥਿਤ ਆਪਣੇ ਘਰ ਦੀ ਇੱਕ ਮੰਜ਼ਿਲ ਕਿਰਾਏ ’ਤੇ ਦਿੱਤੀ ਹੋਈ ਹੈ। ਕਿਰਾਏਦਾਰ ਨੇ ਉਨ੍ਹਾਂ ਨੂੰ ਪੰਜ ਮਹੀਨਿਆਂ ਤੋਂ ਕਿਰਾਇਆ ਨਹੀਂ ਸੀ ਦਿੱਤਾ। ਉਨ੍ਹਾਂ ਕਿਹਾ ਕਿ ਕਿਰਾਇਆ ਮੰਗਣ ਮਗਰੋਂ ਕਿਰਾਏਦਾਰ ਨੇ ਉਸ ਦੀ ਮਾਂ ’ਤੇ ਕੁਝ ਪਾ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਪਤਾ ਨਾ ਲੱਗਿਆ। ਅੰਦਰੋਂ ਬਦਬੂ ਆਉਣ ’ਤੇ ਲੋਕਾਂ ਨੇ ਉਸ ਦੀ ਮਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਥਾਣਾ ਹੈਬੋਵਾਲ ਦੀ ਪੁਲੀਸ ਨੇ ਕੇਸ ਦਰਜ ਕਰ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement