ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿੰਦਗੀ ਜਿਊਣ ਦਾ ਮੰਤਰ ‘ਚਲੋ ਛੱਡੋ’

04:20 AM Apr 26, 2025 IST
featuredImage featuredImage

Advertisement

ਹਰਪ੍ਰੀਤ ਸਿੰਘ ਸਵੈਚ

ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਸਭ ਕੁੱਝ ਸਹੀ ਹੋਣ ਦੇ ਬਾਵਜੂਦ ਹਾਲਾਤ ’ਤੇ ਸਾਡਾ ਵਸ ਨਹੀਂ ਰਹਿੰਦਾ। ਅਜਿਹੇ ਵਿੱਚ ਹੌਸਲਾ ਤੇ ਵਿਸ਼ਵਾਸ ਹੀ ਸਾਡਾ ਸਹਾਰਾ ਬਣਦੇ ਹਨ। ਜੇਕਰ ਅਸੀਂ ਹੌਸਲਾ ਹਾਰ ਕੇ ਬੈਠ ਜਾਈਏ ਤਾਂ ਸਾਡੇ ਵਿਸ਼ਵਾਸ, ਸਾਡੀ ਸੋਚ, ਸਾਡੇ ਵਿਹਾਰ ਤੇ ਸਾਡੀ ਬੋਲਚਾਲ ਵਿੱਚ ਨਕਾਰਾਤਮਕਤਾ ਦਾ ਪ੍ਰਵੇਸ਼ ਹੋ ਜਾਣਾ ਸੁਭਾਵਿਕ ਹੈ। ਨਕਾਰਾਤਮਕਤਾ ਕਾਰਨ ਹੀ ਅਸੀਂ ਬੀਤੀ ਕਿਸੇ ਘਟਨਾ ਦਾ ਇੰਨਾ ਜ਼ਿਆਦਾ ਵਿਸ਼ਲੇਸ਼ਣ ਕਰਨ ਲੱਗ ਜਾਂਦੇ ਹਾਂ ਕਿ ਉਹੀ ਘਟਨਾ ਸਾਡੀ ਜ਼ਿੰਦਗੀ ਦਾ ਇੱਕੋ ਮਾਤਰ ਹਿੱਸਾ ਬਣ ਕੇ ਰਹਿ ਜਾਂਦੀ ਹੈ।
ਇਸ ਵਿਸ਼ਲੇਸ਼ਣ ਲਈ ਕੁੱਝ ਪਲ, ਕੁੱਝ ਘੰਟੇ, ਕੁੱਝ ਦਿਨ, ਕੁੱਝ ਹਫ਼ਤੇ, ਕੁੱਝ ਮਹੀਨੇ ਜਾਂ ਕੁੱਝ ਸਾਲ ਵੀ ਲਗਾਏ ਜਾ ਸਕਦੇ ਹਨ, ਪਰ ਇਸ ਸਾਰੀ ਪ੍ਰਕਿਰਿਆ ਵਿੱਚੋਂ ਸਾਡੀ ਮਾਨਸਿਕ ਸੁੱਖ-ਸ਼ਾਂਤੀ ਭੰਗ ਹੋਣ ਦੇ ਸਿਵਾਏ ਕੁੱਝ ਨਹੀਂ ਨਿਕਲਦਾ। ਅਖੀਰ ਸਾਨੂੰ ਕਹਿਣ ਪੈਂਦਾ ਹੈ ‘ਚਲੋ ਛੱਡੋ’। ਐਨਾ ਸਮਾਂ, ਊਰਜਾ, ਰਿਸ਼ਤੇ, ਸ਼ਾਂਤੀ ਤੇ ਖ਼ੁਸ਼ੀਆਂ ਨੂੰ ਛਿੱਕੇ ਟੰਗ ਕੇ ਵੀ ਜੇਕਰ ਆਖਰੀ ਹੱਲ ਇਹੀ ਨਿਕਲਣਾ ਹੈ ਕਿ ‘ਚਲੋ ਛੱਡੋ’ ਤਾਂ ਕਿਉਂ ਨਾ ਅਸੀਂ ਜ਼ਿੰਦਗੀ ਵਿੱਚ ਪਹਿਲਾਂ ਹੀ ਇਹ ਪਹੁੰਚ ਅਪਣਾ ਲਈਏ। ‘ਚਲੋ ਛੱਡੋ’ ਕੇਵਲ ਦੋ ਸ਼ਬਦ ਨਹੀਂ ਸਗੋਂ ਜ਼ਿੰਦਗੀ ਜਿਊਣ ਦਾ ਮੰਤਰ ਹੈ।
ਜ਼ਿੰਦਗੀ ਦੀ ਹਰ ਘਟਨਾ ਸਾਨੂੰ ਕੋਈ ਨਾ ਕੋਈ ਸਬਕ ਸਿਖਾ ਕੇ ਜਾਂਦੀ ਹੈ। ਦੇਖਣਾ ਇਹ ਹੁੰਦਾ ਹੈ ਕਿ ਅਸੀਂ ਉਸ ਸਬਕ ਨੂੰ ਸਿਖਣ ਵਿੱਚ ਸਫਲ ਹੁੰਦੇ ਹਾਂ ਜਾਂ ਕਿਸੇ ਘਟਨਾ ਦੇ ਅਫ਼ਸੋਸ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਕਈ ਵਾਰ ਅਸੀਂ ਖ਼ੁਦ ਨੂੰ ਫਜ਼ੂਲ ਉਲਝਣਾਂ, ਪਛਤਾਵਿਆਂ ਤੇ ਬੀਤੀਆਂ ਘਟਨਾਵਾਂ ਦੇ ਜਾਲ ਵਿੱਚ ਐਨਾ ਜ਼ਿਆਦਾ ਫਸਾ ਲੈਂਦੇ ਹਾਂ ਕਿ ਸਾਡੀ ਸਾਰੀ ਜ਼ਿੰਦਗੀ ਹੀ ਉਲਝ ਕੇ ਰਹਿ ਜਾਂਦੀ ਹੈ। ਜੇ ਇੰਜ ਹੋ ਜਾਂਦਾ, ਜੇ ਇੰਜ ਨਾ ਹੁੰਦਾ, ਮੈਂ ਇੰਜ ਕਰ ਲੈਂਦਾ...ਇਨ੍ਹਾਂ ਵਿਚਾਰਾਂ ਨਾਲ ਅਸੀਂ ਖ਼ੁਦ ਨੂੰ ਹੀ ਪਰੇਸ਼ਾਨ ਕਰਕੇ ਅੰਦਰੋਂ-ਅੰਦਰੀ ਕੁੜ੍ਹਦੇ ਰਹਿੰਦੇ ਹਾਂ। ਇਹ ਫਜ਼ੂਲ ਵਿਸ਼ਲੇਸ਼ਣ ਸਾਨੂੰ ਕਿਸੇ ਨਤੀਜੇ ’ਤੇ ਨਹੀਂ ਪਹੁੰਚਾਉਂਦਾ। ਵਿਸ਼ਲੇਸ਼ਣ ਕਰਨਾ ਹੀ ਹੈ ਤਾਂ ਆਪਣੇ ਆਪ ਦਾ ਕਰੋ। ਜੇਕਰ ਤੁਹਾਡੇ ਕੋਲੋਂ ਕੋਈ ਗ਼ਲਤੀ ਹੋਈ ਹੈ ਤਾਂ ਉਸ ਗ਼ਲਤੀ ਨੂੰ ਸਵੀਕਾਰਨ ਦਾ ਮਾਦਾ ਰੱਖੋ ਅਤੇ ਭਵਿੱਖ ਵਿੱਚ ਅਜਿਹੀਆਂ ਗ਼ਲਤੀਆਂ ਤੋਂ ਕਿਨਾਰਾ ਕਰੋ। ਬੀਤੀਆਂ ਘਟਨਾਵਾਂ ਬਾਰੇ ਸੋਚਣਾ ਪਾਣੀ ਵਿੱਚ ਮਧਾਣੀ ਹੈ, ਜਿੰਨਾ ਮਰਜ਼ੀ ਰਿੜਕੀ ਜਾਓ, ਨਿਕਲਦਾ ਕੁੱਝ ਨਹੀਂ। ਫਜ਼ੂਲ ਦੇ ਵਿਚਾਰਾਂ ਵਿੱਚ ਗੁਆਚਣ ਨਾਲ ਸਾਡਾ ਕੀਮਤੀ ਵਕਤ, ਊਰਜਾ ਅਤੇ ਸਾਡੀ ਮਾਨਸਿਕ ਖ਼ੁਸ਼ੀ ਖਤਮ ਹੋ ਜਾਂਦੀ ਹੈ। ਜਿਵੇਂ ਪਾਣੀ ਵਹਿੰਦਾ ਹੀ ਸੋਹਣਾ ਲੱਗਦਾ ਹੈ, ਠੀਕ ਉਸੇ ਤਰ੍ਹਾਂ ਜ਼ਿੰਦਗੀ ਵੀ ਚੱਲਦੀ ਹੀ ਸੋਹਣੀ ਲੱਗਦੀ ਹੈ ਤੇ ਇਹ ਤਾਂ ਹੀ ਚੱਲਦੀ ਰਹੇਗੀ ਜਦੋਂ ਅਸੀਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਭੁੱਲਣ ਦੀ ਜਾਚ ਸਿੱਖਾਂਗੇ ਅਤੇ ‘ਚਲੋ ਛੱਡੋ’ ਦੀ ਪਹੁੰਚ ਅਪਣਾਵਾਂਗੇ।
ਕਈ ਲੋਕ ‘ਚਲੋ ਛੱਡੋ’ ਦੀ ਪਹੁੰਚ ਨੂੰ ਕਮਜ਼ੋਰੀ ਵੀ ਸਮਝ ਲੈਂਦੇ ਹਨ, ਪਰ ਅਸਲ ਮਾਅਨਿਆਂ ਵਿੱਚ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਕਿਸੇ ਚੀਜ਼, ਘਟਨਾ, ਗੱਲ ਜਾਂ ਹਾਲਾਤ ਨੂੰ ‘ਚਲੋ ਛੱਡੋ’ ਕਹਿਣਾ ਖਾਲਾ ਜੀ ਦਾ ਵਾੜਾ ਨਹੀਂ, ਪਰ ਜੇ ਅਸੀਂ ਜ਼ਿੰਦਗੀ ਵਿੱਚ ਇਹ ਪਹੁੰਚ ਅਪਣਾ ਲਈ ਤਾਂ ਅਸੀਂ ਫਜ਼ੂਲ ਦੀਆਂ ਲੱਖਾਂ ਚਿੰਤਾਵਾਂ ਤੇ ਉਲਝਣਾਂ ਤੋਂ ਖ਼ੁਦ ਨੂੰ ਬਚਾ ਸਕਦੇ ਹਾਂ। ਜ਼ਿੰਦਗੀ ਬਹੁਤ ਛੋਟੀ ਹੈ, ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਹੈ। ਇਸ ਨੂੰ ਪਛਤਾਵਿਆਂ, ਗ਼ਮਾਂ, ਰੋਸਿਆਂ ਅਤੇ ਆਕੜਾਂ ਵਿੱਚ ਬਰਬਾਦ ਕਰਨ ਦੀ ਬਜਾਏ ਪੂਰੇ ਜੋਸ਼-ਓ-ਖਰੋਸ਼ ਨਾਲ ਖ਼ੁਸ਼ ਰਹਿ ਕੇ ਜਿਊਣਾ ਚਾਹੀਦਾ ਹੈ।
‘ਚਲੋ ਛੱਡੋ’ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਜ਼ਿੰਦਗੀ ਵਿੱਚ ਹਾਰ ਮੰਨ ਲਈਏ ਤੇ ਹਾਲਾਤ ਤੋਂ ਭੱਜ ਜਾਈਏ। ਸਗੋਂ ਇਹ ਤਾਂ ਅੰਦਰੂਨੀ ਤੌਰ ’ਤੇ ਆਪਣੇ ਆਪ ਨੂੰ ਫਜ਼ੂਲ ਚਿੰਤਾਵਾਂ ਤੋਂ ਮੁਕਤ ਕਰਨ ਦਾ ਨਾਂ ਹੈ। ਦਰਅਸਲ, ਇਹ ਉਸ ਹਿੰਮਤ ਤੇ ਤਾਕਤ ਦਾ ਨਾਂ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਜੋ ਹੋਣਾ ਸੀ ਹੋ ਗਿਆ, ਹੁਣ ਉਹ ਬਦਲਿਆ ਨਹੀਂ ਜਾ ਸਕਦਾ, ਪਰ ਜੋ ਹਾਲੇ ਹੋਣਾ ਹੈ, ਉਸ ਨੂੰ ਅਸੀਂ ਜ਼ਰੂਰ ਬਿਹਤਰ ਬਣਾਉਣ ਦੀ ਕੋਸ਼ਿਸ ਕਰ ਸਕਦੇ ਹਾਂ। ਸਿਆਣੇ ਕਹਿੰਦੇ ਹਨ ਕਿ ਬੀਤੇ ਦੀਆਂ ਯਾਦਾਂ ਅਤੇ ਭਵਿੱਖ ਦੀਆਂ ਚਿੰਤਾਵਾਂ ਨਾਲ ਆਪਣਾ ਵਰਤਮਾਨ ਖ਼ਰਾਬ ਨਹੀਂ ਕਰਨਾ ਚਾਹੀਦਾ।
‘ਚਲੋ ਛੱਡੋ’ ਦੀ ਪਹੁੰਚ ਅਪਣਾਉਣ ਲਈ ਸਾਨੂੰ ਦੂਜਿਆਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਅਤੇ ਮੁਆਫ਼ ਕਰਨਾ ਵੀ ਸਿੱਖਣਾ ਪਵੇਗਾ। ਜੇਕਰ ਕਿਸੇ ਕੋਲੋਂ ਜਾਣੇ-ਅਣਜਾਣੇ ਤੁਹਾਡਾ ਕੋਈ ਨੁਕਸਾਨ ਹੋ ਗਿਆ ਤਾਂ ਬਦਲੇ ਦੀ ਭਾਵਨਾ ਮਨ ਵਿੱਚ ਲਿਆਉਣ ਦੀ ਬਜਾਏ ਆਪਣੇ ਨੁਕਸਾਨ ਦੀ ਭਰਪਾਈ ਬਾਰੇ ਸੋਚੋ। ਜੇਕਰ ਕਿਸੇ ਨੇ ਈਰਖਾ ਜਾਂ ਆਕੜ ਵੱਸ ਤੁਹਾਨੂੰ ਮਾੜਾ-ਚੰਗਾ ਬੋਲ ਦਿੱਤਾ ਤਾਂ ਤੁਹਾਡੇ ਕੋਲ ਦੋ ਹੀ ਵਿਕਲਪ ਬਚਦੇ ਹਨ। ਪਹਿਲਾ ਵਿਕਲਪ ਹੈ ਕਿ ਤੁਸੀਂ ਵੀ ਉਨ੍ਹਾਂ ਵਾਂਗ ਤੱਤੇ ਹੋ ਕੇ ਜਵਾਬ ਦਿਓ, ਜਿਸ ਨਾਲ ਮਸਲਾ ਹੋਰ ਵਧੇਗਾ। ਦੂਜਾ ਵਿਕਲਪ ਹੈ ਕਿ ਤੁਸੀਂ ਚੁੱਪ-ਚਾਪ ਉੱਥੋਂ ਚਲੇ ਜਾਵੋ ਤੇ ਮੌਕਾ ਸਾਂਭ ਲਵੋ। ਹਰ ਛੋਟੀ-ਛੋਟੀ ਗੱਲ ’ਤੇ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ ਵੀ ਨਹੀਂ ਹੁੰਦੀ। ਇਸ ਨਾਲ ਇੱਕ ਤਾਂ ਤੁਹਾਡੀ ਕੀਮਤੀ ਊਰਜਾ ਜ਼ਾਇਆ ਹੋਣੋਂ ਬਚ ਜਾਵੇਗੀ ਤੇ ਦੂਜਾ ਤੁਹਾਡੀ ਮਾਨਸਿਕ ਸ਼ਾਂਤੀ ਵੀ ਕਾਇਮ ਰਹੇਗੀ। ਦਰਅਸਲ, ਜਦੋਂ ਤੁਹਾਨੂੰ ਕੋਈ ਮਾੜਾ ਚੰਗਾ ਬੋਲਦਾ ਹੈ ਤਾਂ ਉਸ ਦਾ ਇੱਕੋ-ਇੱਕ ਮਕਸਦ ਤੁਹਾਨੂੰ ਤੜਫ਼ਾਉਣਾ ਹੁੰਦਾ ਹੈ ਕਿਉਂਕਿ ਉਹ ਖ਼ੁਦ ਤੜਫ਼ਿਆ ਹੁੰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਉਸ ਵਾਂਗ ਤੜਫ਼ ਗਏ ਤਾਂ ਉਸ ਦਾ ਮਕਸਦ ਤਾਂ ਪੂਰਾ ਹੋ ਗਿਆ। ਸੋ, ‘ਚਲੋ ਛੱਡੋ’ ਦੀ ਪਹੁੰਚ ਤੁਹਾਨੂੰ ਅਜਿਹੇ ਹਾਲਾਤ ਵਿੱਚ ਤਾਕਤਵਰ ਤੇ ਜੇਤੂ ਬਣਾ ਕੇ ਉਭਾਰਦੀ ਹੈ।
ਮਹਾਤਮਾ ਬੁੱਧ ਦੇ ਜੀਵਨ ਦੀ ਇੱਕ ਗਾਥਾ ਯਾਦ ਆ ਗਈ। ਇੱਕ ਵਾਰ ਇੱਕ ਬੰਦੇ ਨੇ ਮਹਾਤਮਾ ਬੁੱਧ ਨੂੰ ਗਾਲ੍ਹਾਂ ਕੱਢੀਆਂ ਤੇ ਉਹ ਚੁੱਪ-ਚਾਪ ਮੁਸਕੁਰਾਉਂਦੇ ਹੋਏ ਸੁਣਦੇ ਰਹੇ। ਜਦੋਂ ਉਹ ਗਾਲ੍ਹਾਂ ਕੱਢ ਕੇ ਥੱਕ ਗਿਆ ਤਾਂ ਬੁੱਧ ਨੇ ਬੜੇ ਪਿਆਰ ਨਾਲ ਫਰਮਾਇਆ ਕਿ ਜੇਕਰ ਤੁਸੀਂ ਕੁੱਝ ਹੋਰ ਕਹਿਣਾ ਚਾਹੁੰਦੇ ਹੋ ਤਾਂ ਕਹਿ ਲਵੋ। ਉਹ ਬੰਦਾ ਕਲਪਦਾ ਹੋਇਆ ਉੱਥੋਂ ਤੁਰ ਗਿਆ। ਕੋਲ ਖੜ੍ਹੇ ਮਹਾਤਮਾ ਬੁੱਧ ਦੇ ਸ਼ਿਸ਼ ਆਨੰਦ ਨੇ ਪੁੱਛਿਆ ਕਿ ਮਹਾਰਾਜ ਉਹ ਬੰਦਾ ਤੁਹਾਨੂੰ ਐਨੀਆਂ ਗਾਲ੍ਹਾਂ ਕੱਢ ਗਿਆ ਤੇ ਤੁਸੀਂ ਚੁੱਪ ਰਹੇ, ਮੇਰਾ ਤਾਂ ਖੂਨ ਖੌਲ ਰਿਹਾ ਸੀ। ਬੁੱਧ ਨੇ ਫਰਮਾਇਆ ਕਿ ਚਲੋ ਛੱਡੋ, ਉਸ ਕੋਲ ਜੋ ਸੀ, ਉਸ ਨੇ ਦੇ ਦਿੱਤਾ। ਅੱਗੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਲੈਣਾ ਹੈ ਜਾਂ ਨਹੀਂ। ਸੋ, ਜੇਕਰ ਅਸੀਂ ‘ਚਲੋ ਛੱਡੋ’ ਦੀ ਇਹ ਕਲਾ ਸਿੱਖ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਬਿਹਤਰ ਹੋ ਸਕਦੀ ਹੈ। ਇਸ ਲਈ ‘ਚੱਲੋ ਛੱਡੋ’ ਦੀ ਪਹੁੰਚ ਨੂੰ ਅਪਣਾਓ ਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੋ।
ਸੰਪਰਕ: 98782-24000

Advertisement

Advertisement