ਜ਼ਿਲ੍ਹਾ ਸਿੱਖਿਆ ਦਫ਼ਤਰ (ਅ) ’ਚ ਬਹੁਤੀਆਂ ਅਸਾਮੀਆਂ ਖਾਲੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 26 ਮਈ
ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਵਿਚ ਕਾਫ਼ੀ ਅਸਾਮੀਆਂ ਖਾਲੀ ਹਨ ਜਿਸ ਦਾ ਖੁਲਾਸਾ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵੱਲੋਂ ਸੂਚਨਾ ਅਧਿਕਾਰ ਐਕਟ ਰਾਹੀਂ ਹਾਸਿਲ ਕੀਤੀ ਜਾਣਕਾਰੀ ਤੋਂ ਹੋਇਆ ਹੈ। ਧੀਮਾਨ ਨੇ ਦੱਸਿਆ ਕਿ ਪ੍ਰਾਪਤ ਹੋਈ ਸੂਚਨਾ ਮੁਤਾਬਿਕ ਦਫ਼ਤਰ ’ਚ ਵੱਖ-ਵੱਖ 20 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 14 ਖਾਲੀ ਹਨ। ਇਨ੍ਹਾਂ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਅ), ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ, ਸੁਪਰਡੈਂਟ ਦੀਆਂ 2, ਸੀਨੀਅਰ ਸਹਾਇਕ ਦੀਆਂ 6, ਕਲਰਕ ਦੀਆਂ 4, ਡਰਾਈਵਰ ਤੇ ਸੇਵਾਦਾਰ ਦੀਆਂ 1-1 ਅਸਾਮੀਆਂ ਖਾਲੀ ਹਨ। ਦਫ਼ਤਰ ਵਿੱਚ ਕੇਵਲ ਮੁਲਾਜ਼ਮ ਹੀ ਪੂਰੇ ਜ਼ਿਲ੍ਹੇ ਦਾ ਕੰਮਕਾਜ ਦੇਖ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੂੰ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਧੀਮਾਨ ਨੇ ਕਿਹਾ ਕਿ ਮੁਲਾਜ਼ਮਾਂ ਦੀ ਵੱਡੀ ਘਾਟ ਦਾ ਅਸਰ ਸਿਖਿਆ ਦੇ ਖੇਤਰ ’ਚ ਪੈ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਲਲਿਤਾ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਦਾ ਅਹੁਦਾ ਖਾਲੀ ਹੋਣ ਕਾਰਨ ਇਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਹੈ, ਜੋ ਉਹ ਨਿਭਾ ਰਹੇ ਹਨ।