ਜ਼ਿਮਨੀ ਚੋਣ: ‘ਸਾਡੇ ਮੁੱਦੇ, ਤੁਹਾਡਾ ਸਟੈਂਡ’ ਪ੍ਰੋਗਰਾਮ ਵਿੱਚ ਨਹੀਂ ਪੁੱਜੇ ਸਾਰੇ ਉਮੀਦਵਾਰ
ਸਤਵਿੰਦਰ ਬਸਰਾ
ਲੁਧਿਆਣਾ, 15 ਜੂਨ
ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮੱਤੇਵਾੜਾ ਵੱਲੋਂ ‘ਸਾਡੇ ਮੁੱਦੇ ਤੁਹਾਡੇ ਸਟੈਂਡ’ ਨਾਂ ਦਾ ਪ੍ਰੋਗਰਾਮ ਕਰਕੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਖੜ੍ਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ’ਤੇ ਸਿਰਫ਼ ਕੁੱਝ ਕੁ ਪਾਰਟੀਆਂ ਦੇ ਉਮੀਦਵਾਰ ਜਾਂ ਉਨ੍ਹਾਂ ਦੇ ਨੁਮਾਇੰਦੇ ਪਹੁੰਚੇ ਜਦਕਿ ਕਈ ਮੁੱਖ ਪਾਰਟੀਆਂ ਦੇ ਉਮੀਦਵਾਰ ਗਾਇਬ ਰਹੇ।
ਪਬਲਿਕ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਗੰਭੀਰ ਮੁੱਦਿਆਂ ’ਤੇ ਇੱਕ ਝਾਤ ਲਈ ਲੁਧਿਆਣਾ ਦੀ ਲਈਅਰ ਵੈਲੀ ਵਿਖੇ ‘ਸਾਡੇ ਮੁੱਦੇ ਤੁਹਾਡੇ ਸਟੈਂਡ’ ਨਾਂ ਹੇਠ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਜ਼ਿਮਨੀ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਖੜ੍ਹੇ ਉਮੀਦਵਾਰਾਂ ਵਿੱਚੋਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਨਵਨੀਤ ਕੁਮਾਰ ਗੋਪੀ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਜਦਕਿ ਭਾਜਪਾ ਦੇ ਉਮੀਦਵਾਰ ਦੇ ਨੁਮਾਇੰਦੇ ਵਜੋਂ ਗੁਰਦੀਪ ਸਿੰਘ ਗੋਸ਼ਾ ਪਹੁੰਚੇ। ਇੰਨਾਂ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਉਕਤ ਮੁੱਦੇ ’ਤੇ ਗੱਲ ਕਰਨ ਨਹੀਂ ਪਹੁੰਚਿਆ। ਇਸ ਪ੍ਰੋਗਰਾਮ ਵਿੱਚ 13 ਵੱਖ ਵੱਖ ਮੁੱਦਿਆਂ ’ਤੇ ਸਵਾਲ ਪੁੱਛੇ ਗਏ। ਮੁੱਖ ਮੁੱਦਿਆਂ ਵਿੱਚ ਬੁੱਢਾ ਦਰਿਆ ਵਿੱਚ ਸੁੱਟਿਆ ਜਾ ਰਿਹਾ ਤੇਜ਼ਾਬੀ ਪਾਣੀ, ਜ਼ੀਰਾ ਸ਼ਰਾਬ ਫੈਕਟਰੀ ਵੱਲੋਂ ਕੀਤਾ ਘਾਣ, ਚਮਕੌਰ ਸਾਹਿਬ ਵਿਖੇ ਨਵੀਂ ਲਾਈ ਜਾ ਰਹੀ ਪੇਪਰ ਮਿੱਲ ਖ਼ਿਲਾਫ਼ ਮੋਰਚਾ, ਪੀਏਯੂ ਵਿੱਚ ਵਿਦਿਆਰਥੀਆਂ ਅਤੇ ਸਟਾਫ ’ਤੇ ਪੁਲੀਸ ਦੀ ਵਰਤੋਂ, ਸਕੂਲਾਂ/ਕਾਲਜਾਂ ਦੀ ਜ਼ਮੀਨ ’ਤੇ ਕਬਜ਼ੇ, ਚੋਣਾਂ ਸਮੇਂ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲਿਆਂ ਨੂੰ ਖੁੱਲ੍ਹ, ਗਰੀਨ ਬੈਲਟਾਂ ’ਤੇ ਕਬਜ਼ੇ, ਪੰਜਾਬ ਦਾ ਹਿੰਦੀਕਰਨ, ਪਾਣੀ ਦੇ ਕਾਨੂੰਨ ਵਿੱਚ ਬਦਲਾਅ, ਮੱਤੇਵਾੜਾ ਦੀ ਜ਼ਮੀਨ ਦਾ ਮੁੱਦਾ, ਪੰਜਾਬ ਦੇ ਪਾਣੀਆਂ ਦੇ ਮੁੱਦੇ, ਸੰਵਿਧਾਨਿਕ ਸਰਕਾਰੀ ਅਤੇ ਰਾਜਨੀਤਿਕ ਪੋਸਟਾਂ ਤੇ ਪੰਜਾਬ ਤੋਂ ਬਾਹਰਲਿਆਂ ਦੀ ਤਾਇਨਾਤੀ ਆਦਿ ਸ਼ਾਮਲ ਸਨ।
ਇਸ ਮੌਕੇ ਐਨਜੀਓ ਏਡੀਆਰਓ ਵੱਲੋਂ ਇੱਕ ਉਮੀਦਵਾਰ ਵੱਲੋਂ ਚੋਣਾਂ ’ਚ 40 ਲੱਖ ਦੀ ਲਿਮਟ ਨਾਲੋਂ ਵੱਧ ਪੈਸੇ ਖਰਚ ਕਰਨ ਸਬੰਧੀ ਸ਼ਿਕਾਇਤ ਦਰਜ ਕਰਨ ਸਬੰਧੀ ਸਵਾਲ ਉਠਾਇਆ ਗਿਆ। ਪੀਏਸੀ ਦੇ ਜਸਕੀਰਤ ਸਿੰਘ ਨੇ ਸਮਾਗਮ ਵਿੱਚ ਪੁੱਜੇ ਉਮੀਦਵਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਲੋਕਾਂ ਵੱਲੋਂ ਉਲੀਕੇ ਪ੍ਰੋਗਰਾਮ ਤੇ ਵੋਟਾਂ ਪੈਣ ਤੋਂ ਚਾਰ ਦਿਨ ਪਹਿਲਾਂ ਨਹੀਂ ਪਹੁੰਚ ਸਕੇ, ਉਨ੍ਹਾਂ ਦੀ ਚੋਣ ਜਿੱਤਣ ਤੋਂ ਬਾਅਦ ਲੋਕ ਮੁੱਦਿਆਂ ’ਤੇ ਪਹੁੰਚ ਕਿਸ ਤਰ੍ਹਾਂ ਦੀ ਹੋਵੇਗੀ, ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰੋਗਰਾਮ ਲਈ ਉਚੇਚੇ ਤੌਰ ’ਤੇ ਪਹੁੰਚੇ ਚਮਕੌਰ ਸਾਹਿਬ ਮੋਰਚਾ, ਜ਼ੀਰਾ ਸਾਂਝਾ ਮੋਰਚਾ, ਬਟਾਲਾ ਬਚਾਓ ਮੋਰਚਾ, ਮੱਤੇਵਾੜਾ ਮੋਰਚਾ ਦੀਆਂ ਟੀਮਾਂ ਅਤੇ ਹੋਰ ਜੱਥੇਬੰਦੀਆਂ ਦਾ ਧੰਨਵਾਦ ਕੀਤਾ।