ਜ਼ਿਮਨੀ ਚੋਣ: ਵੜਿੰਗ ਵੱਲੋਂ ਰੱਖੀ ਮੀਟਿੰਗ ’ਚ ਆਸ਼ੂ ਗ਼ੈਰਹਾਜ਼ਰ
ਗਗਨਦੀਪ ਅਰੋੜਾ
ਲੁਧਿਆਣਾ, 28 ਮਈ
ਹਲਕਾ ਪੱਛਮੀ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਕਾਂਗਰਸ ਦਾ ਅੰਦਰੂਨੀ ਕਲੇਸ਼ ਹਾਲੇ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਹਲਕਾ ਪੱਛਮੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪੰਜਾਬ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਜਿਸ ਵਿੱਚ ਬਿਨਾਂ ਆਸ਼ੂ ਦਾ ਨਾਮ ਲਏ ਕਿਹਾ ਗਿਆ ਕਿ ਹਰ ਹਾਲ ਵਿੱਚ ਵਰਕਰ ਹਲਕਾ ਪੱਛਮੀ ਦੀ ਚੋਣ ਲਈ ਇੱਕਜੁੱਟ ਹੋਣ। ਅਹਿਮ ਗੱਲ ਇਹ ਰਹੀ ਕਿ ਆਸ਼ੂ ਦੇ ਹੱਕ ਵਿੱਚ ਰੱਖੀ ਇਸ ਮੀਟਿੰਗ ਵਿੱਚ ਭਾਰਤ ਭੂਸ਼ਣ ਆਸ਼ੂ ਹੀ ਗੈਰਹਾਜ਼ਰ ਰਹੇ। ਇੰਨਾ ਹੀ ਨਹੀਂ ਇਸ ਮੀਟਿੰਗ ਵਿੱਚ ਆਸ਼ੂ ਗਰੁੱਪ ਦਾ ਕੋਈ ਕੌਂਸਲਰ ਤੇ ਸਾਬਕਾ ਕੌਂਸਲਰ ਵੀ ਨਹੀਂ ਪੁੱਜਿਆ।
ਇੱਥੇ ਹੀ ਬੱਸ ਨਹੀਂ, ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਹਲਕਾ ਪੱਛਮੀ ਦੀ ਚੋਣ ਲਈ ਕਾਂਗਰਸੀਆਂ ਦੀ ਮੀਟਿੰਗ ਹਲਕਾ ਪੂਰਬੀ ਵਿੱਚ ਰੱਖੀ। ਜਿਥੇ ਕਾਂਗਰਸੀਆਂ ਨੂੰ ਘਰੋਂ ਬਾਹਰ ਨਿਕਲ ਕੇ ਹਲਕਾ ਪੱਛਮੀ ਦੀ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਵਰਕਰਾਂ ਅਤੇ ਆਗੂਆਂ ਨੂੰ ਏਕਤਾ ਦਾ ਸਬਕ ਸਿਖਾਉਂਦਿਆਂ ਇਕਜੁੱਟ ਹੋ ਕੇ ਪ੍ਰਚਾਰ ਕਰਨ ਲਈ ਕਿਹਾ ਗਿਆ, ਪਰ ਕਾਂਗਰਸ ਵਿੱਚ ਏਕਤਾ ਦਿਖਾਈ ਨਹੀਂ ਦੇ ਰਹੀ ਸੀ।
ਮੀਟਿੰਗ ਨੂੰ ਰਾਜਾ ਵੜਿੰਗ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਸੰਜੇ ਤਲਵਾੜ ਨੇ ਕਿਹਾ ਕਿ ਪੱਛਮੀ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਵਰਕਰਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ ਅਤੇ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀ ਤੇ ਸਾਬਕਾ ਕੈਬਨਿਟ ਮੰਤਰੀ ਆਸ਼ੂ ਦਾ ਨਾਮ ਨਹੀਂ ਲਿਆ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਹਾਲਤ ਵਿੱਚ ਪੱਛਮੀ ਹਲਕੇ ਦੀ ਚੋਣ ਜਿੱਤੇਗੀ। ਕਾਂਗਰਸ ਪਾਰਟੀ ਦਾ ਹਰ ਵਰਕਰ ਸਖ਼ਤ ਮਿਹਨਤ ਕਰੇਗਾ ਅਤੇ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਅਸਫਲਤਾਵਾਂ ਬਾਰੇ ਦੱਸੇਗਾ। ਉਨ੍ਹਾਂ ਕਿਹਾ ਕਿ ਇਹ ਚੋਣ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ, ਬਲਕਿ ਕਾਂਗਰਸ ਪਾਰਟੀ ਦੀ ਹੈ। ਆਪਣੇ 13 ਮਿੰਟ ਦੇ ਭਾਸ਼ਣ ਵਿੱਚ, ਪੰਜਾਬ ਕਾਂਗਰਸ ਪ੍ਰਧਾਨ ਨੇ ਇੱਕ ਵਾਰ ਵੀ ਪਾਟੀ ਉਮੀਦਵਾਰ ਦਾ ਨਾਮ ਵੀ ਨਹੀਂ ਲਿਆ। ਹਾਲਾਂਕਿ, ਉਨ੍ਹਾਂ ਨੇ ਵਰਕਰਾਂ ਅਤੇ ਆਗੂਆਂ ਨੂੰ ਇਹ ਜ਼ਰੂਰ ਕਿਹਾ ਕਿ ਉਹ ਪੱਛਮੀ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਕੁਝ ਦਿਨ ਆਪਣਾ ਕੰਮ-ਕਾਜ ਛੱਡ ਕੇ ਕਾਂਗਰਸ ਲਈ ਪ੍ਰਚਾਰ ਕਰਨ ਤਾਂ ਜੋ ਕਾਂਗਰਸ ਪਾਰਟੀ ਸੀਟ ਜਿੱਤ ਸਕੇ।
ਉਧਰ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬੁੱਧਵਾਰ ਨੂੰ ਰੱਖੀ ਗਈ ਮੀਟਿੰਗ ਦਾ ਸੁਨੇਹਾ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਨੂੰ ਮਿਲਿਆ ਸੀ ਪਰ ਆਸ਼ੂ ਜੀ ਨੂੰ ਇਹ ਸੁਨੇਹਾ ਮਿਲਿਆ ਜਾਂ ਨਹੀਂ ਇਹ ਆਸ਼ੂ ਦੀ ਹੀ ਦੱਸ ਸਕਦੇ ਹਨ।