ਜ਼ਿਮਨੀ ਚੋਣ: ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ
ਪੱਤਰ ਪ੍ਰੇਰਕ
ਗਿੱਦੜਬਾਹਾ, 12 ਜੂਨ
ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦੀ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਅਤੇ ਜਸਵਿੰਦਰ ਸਿੰਘ ਸੌਜਾ ਸੂਬਾ ਸਕੱਤਰ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ’ਚ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਪੰਜਾਬ ਕੈਬਨਿਟ ’ਚ ਜੰਗਲਾਤ ਦੇ ਫੀਲਡ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਏਜੰਡਾ ਪਾਸ ਕਰਨ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਟਾਲਮਟੋਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਿਛਲੇ ਤਿੰਨ ਮਹੀਨਿਆਂ ਤੋਂ ਫੀਲਡ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਹਨ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ, ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਕਿ 17 ਜੂਨ ਨੂੰ ਜ਼ਿਮਨੀ ਚੋਣ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਚੇਅਰਮੈਨ ਵਿਰਸਾ ਸਿੰਘ ਚਹਿਲ ਅਤੇ ਵਿੱਤ ਸਕੱਤਰ ਅਮਨਦੀਪ ਸਿੰਘ ਛੱਤਬੀੜ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ’ਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਿਆ ਕਰਵਾਉਣ ਲਈ ਹੈ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸ਼ਰਤਾਂ ਲਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਵੱਲੋਂ 17 ਜੂਨ ਦੀ ਲੁਧਿਆਣਾ ਰੈਲੀ ’ਚ ਸਮੂਹ ਜ਼ਿਲ੍ਹਿਆਂ ਦੇ ਫੀਲਡ ਮੁਲਾਜ਼ਮਾਂ ਨੂੰ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ ਗਈ।