ਜ਼ਿਮਨੀ ਚੋਣ: ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣਾ ’ਚ ਲਾਉਣਗੇ ਡੇਰਾ
ਗਗਨਦੀਪ ਅਰੋੜਾ
ਲੁਧਿਆਣਾ, 16 ਮਈ
ਲੁਧਿਆਣਾ ਦੇ ਵਿਧਾਨਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦਾ ਸਿਆਸੀ ਪਾਰਾ ਲਗਾਤਾਰ ਵੱਧ ਰਿਹਾ ਹੈ। ਇਹ ਜ਼ਿਮਨੀ ਚੋਣ ਇਸ ਵੇਲੇ ‘ਆਪ’ ਸਰਕਾਰ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ‘ਆਪ’ ਹੁਣ ਤੱਕ ਹਲਕਾ ਪੱਛਮੀ ਵਿੱਚ ਸਭ ਤੋਂ ਵੱਧ ਕੰਮ ਕਰਵਾ ਚੁੱਕੀ ਹੈ। ਹੁਣ ਇਸ ਚੋਣ ਦੀ ਕਮਾਨ ਸੰਭਾਲਣ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਤਿਆਰੀ ਖਿੱਚ ਦਿੱਤੀ ਹੈ। ਲੁਧਿਆਣਾ ਵਿੱਚ ਹੁਣ ਜਲਦ ਹੀ ਚੋਣਾਂ ਦੇ ਲਈ ਅਰਵਿੰਦ ਕੇਜਰੀਵਾਲ ਪੱਕੇ ਡੇਰੇ ਲਗਾ ਸਕਦੇ ਹਨ।
ਅੱਜ ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਵਿੱਚ ਰਾਜ ਸਭਾ ਮੈਂਬਰ ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਨਵੇਂ ਘਰ ਦੇ ਉਦਘਾਟਨ ਲਈ ਖਾਸ ਤੌਰ ’ਤੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦਿਆ ਸਣੇ ਹੋਰ ਕਈ ਵੱਡੇ ਸਿਆਸੀ ਆਗੂ ਪੁੱਜੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕੇਜਰੀਵਾਲ ਨੇ ਪਹੁੰਚ ਮੱਥਾ ਟੇਕਿਆ ਤੇ ਰਾਜ ਸਭਾ ਮੈਂਬਰ ਅਰੋੜਾ ਨੂੰ ਘਰ ਲਈ ਮੁਬਾਰਕਾਂ ਦਿੱਤੀਆਂ।
ਦਰਅਸਲ, ਸਰਾਭਾ ਨਗਰ ਕੇ 22 ਵਿੱਚ ਇਸ ਸਮੇਂ ਰਾਜ ਸਭਾ ਮੈਂਬਰ ਅਰੋੜਾ ਦਾ ਕੈਂਪ ਆਫਿਸ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਰੋਡ ’ਤੇ ਹੈਮਪਟਨ ਹੋਮਜ਼ ਵਿਚੱ ਸੀ। ਹੁਣ ਹਲਕਾ ਪੱਛਮੀ ਵਿੱਚ ਆਪਣੀ ਰਿਹਾਇਸ਼ ਰੱਖਣ ਦੇ ਲਈ ਉਨ੍ਹਾਂ ਨੇ ਗੁਰਦੇਵ ਨਗਰ ਇਲਾਕੇ ਵਿੱਚ ਇਹ ਘਰ ਲਿਆ ਹੈ। ਇਸ ਘਰ ਦੀ ਮਹੂਰਤ ਸਮੇਂ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਹੁਣ ਤੋਂ ਸਰਾਭਾ ਨਗਰ ਕੇ 22 ਘਰ ਵਿੱਚ ਕੇਜਰੀਵਾਲ ਜਾਂ ਫਿਰ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਵਾਲੇ ਵੱਡੇ ਲੀਡਰ ਰੁੱਕਿਆ ਕਰਨਗੇ। ਇਹ ਚਰਚਾ ਰਹੀ ਕਿ ਹੁਣ ਆਉਣ ਵਾਲੀਆਂ ਚੋਣਾਂ ਸਮੇਂ ਅਰਵਿੰਦ ਕੇਜਰੀਵਾਲ ਲੁਧਿਆਣਾ ਵਿੱਚ ਖੁੱਦ ਚੋਣ ਕਮਾਨ ਸੰਭਾਲਣਗੇ ਤੇ ਹਲਕਾ ਪੱਛਮੀ ਵਿੱਚ ਜਿੱਤ ਹਾਸਲ ਕਰਵਾਉਣਗੇ।
ਦੱਸ ਦਈਏ ਕਿ ਹਲਕਾ ਪੱਛਮੀ ਦੀ ਉੱਪ ਚੋਣ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਹਾਲਾਂਕਿ ਚੋਣ ਬਿਗਲ ਵਜਾ ਦਿੱਤਾ ਗਿਆ ਹੈ। ਪਰ ਹਾਲੇ ਤੱਕ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ‘ਆਪ’ ਵੱਲੋਂ ਉਮੀਦਵਾਰ ਹਨ, ਜਦੋਂ ਕਿ ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦੋਂ ਕਿ ਅਕਾਲੀ ਦਲ ਨੇ ਚੋਣਾਂ ਵਿੱਚ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਾਲਾਂਕਿ, ਭਾਜਪਾ ਨੇ ਹਾਲੇ ਤੱਕ ਇੱਥੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ‘ਆਪ’ ਦੀ ਸੀਨੀਅਰ ਲੀਡਰਸ਼ਿਪ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੀ ਨਜ਼ਰ ਇਸ ਸੀਟ ’ਤੇ ਹੈ। ਉਹ ਕਿਸੇ ਵੀ ਕੀਮਤ ’ਤੇ ਇਹ ਸੀਟ ਜਿੱਤਣਾ ਚਾਹੁੰਦਾ ਹੈ। ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀ ਕਮਾਨ ਆਪਣੇ ਹੱਥਾਂ ਵਿੱਚ ਲਿੱਤੀ ਹੋਈ ਹੈ।