ਜ਼ਿਮਨੀ ਚੋਣ: ਐਲਬਰਟ ਦੂਆ ਵੱਲੋਂ ਸ਼ਕਤੀ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
ਹਲਕਾ ਪੱਛਮੀ ਦੇ ਘੱਟ ਗਿਣਤੀਆਂ ਭਾਈਚਾਰੇ ਦੇ ਸਰਬ ਸਾਂਝੇ ਉਮੀਦਵਾਰ ਅਤੇ ਕ੍ਰਿਸਚੀਅਨ ਯੂਨਾਈਟਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਵੱਲੋਂ ਵੱਲੋਂ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।
ਰੋਡ ਸ਼ੋਅ ਸਵੇਰੇ ਜਵੱਦੀ ਪੁਲ ਸਥਿਤ ਪੰਚਮ ਹਸਪਤਾਲ ਦੇ ਬਾਹਰੋਂ ਸ਼ੁਰੂ ਹੋਇਆ ਜਿਸ ਵਿੱਚ ਗਰਮੀ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਲੋਕਾਂ ਨੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਦਾ ਵੱਖ-ਵੱਖ ਥਾਵਾਂ ਤੇ ਇਲਾਕਾ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਐਲਬਰਟ ਦੂਆ ਨੂੰ ਸਿਰੋਪਾਓ ਭੇਟ ਕਰਕੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਐਲਬਰਟ ਦੂਆ ਨੇ ਦੋਸ਼ ਲਾਇਆ ਕਿ ਇਨ੍ਹਾਂ ਵਾਅਦਿਆਂ ’ਤੇ ਹੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸਾਰੇ ਵਾਅਦੇ ਭੁੱਲ ਗਏ ਜਿਸ ਕਾਰਨ ਅੱਜ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹੋ ਕੇ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹੈ। ਰੋਡ ਸ਼ੋਅ ਹਲਕੇ ਦੇ ਸਾਰੇ ਮੁਹੱਲਿਆਂ, ਕਾਲੋਨੀਆਂ ਅਤੇ ਵਾਰਡਾਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਮੁਖ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮਾਪਤ ਹੋਇਆ।
ਐਡਵੋਕੇਟ ਪਰਉਪਕਾਰ ਘੁੰਮਣ ਵੱਲੋਂ ਰੋਡ ਸ਼ੋਅ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਹਲਕਾ ਪੱਛਮੀ ਲਈ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਵੱਲੋਂ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਕੀਤਾ ਗਿਆ ਜੋ ਆਰਤੀ ਚੌਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਭਾਈ ਬਾਲਾ ਚੌਕ ਵਿੱੱਚ ਸਮਾਪਤ ਹੋਇਆ। ਇਸ ਮੌਕੇ ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕਾ ਪੱਛਮੀ ਦੀ ਲੋਕ ਸੱਚ ਤੇ ਵਿਕਾਸ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਸਾਫ਼ ਹਨ ਕਿਉਂਕਿ ਪੰਜਾਬ ਵਿੱਚ ਹਮੇਸ਼ਾ ਹੀ ਅਕਾਲੀ ਦਲ ਦੀ ਸਰਕਾਰ ਨੇ ਵਿਕਾਸ ਕਾਰਜਾਂ ਨੂੰ ਸਿਰੇ ਚਾੜ੍ਹਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹਲਕੇ ਦੇ ਹਿੱਤ ਨੂੰ ਪਹਿਲ ਦਿੰਦੇ ਹਨ ਨਾ ਕਿ ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਨੂੰ। ਐਡਵੋਕੇਟ ਘੁੰਮਣ ਨੇ ‘ਆਪ’ ਤੇ ਭਾਜਪਾ ਦੋਵਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇੱਕ ਪਾਰਟੀ ਨੇ ਲੋਕਾਂ ਨੂੰ ਸੁਪਨੇ ਵੇਚੇ ਤੇ ਦੂਜੀ ਨੇ ਪੰਜਾਬੀਅਤ ਨਾਲ ਹਮੇਸ਼ਾ ਧੋਖਾ ਕੀਤਾ। ਹੁਣ ਲੋਕ ਸਮਝ ਗਏ ਹਨ ਕਿ ਹਕੀਕਤ ਤੇ ਸੱਚਾਈ ਸਿਰਫ਼ ਅਕਾਲੀ ਦਲ ਵਿੱਚ ਹੀ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਕਿਹਾ ਕਿ ਨੌਜਵਾਨ ਸ਼ਕਤੀ ਐਡਵੋਕੇਟ ਘੁੰਮਣ ਦੀ ਪਿੱਠ ਤੇ ਹੈ ਅਤੇ ਉਹ ਭਾਰੀ ਗਿਣਤੀ ਵਿੱਚ ਵੋਟਾਂ ਹਾਸਲ ਕਰਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ।