ਜ਼ਾਬਤੇ ਵਿੱਚ ਰਹਿਣ ਭਾਜਪਾ ਕਾਰਕੁਨ: ਰਾਜਨਾਥ
ਆਤਿਸ਼ ਗੁਪਤਾ
ਚੰਡੀਗੜ੍ਹ, 8 ਮਈ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਟੀ ਬਿਊਟੀਫੁੱਲ ਦੇ ਦੌਰੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਦਫ਼ਤਰ ‘ਕਮਲਮ’ ਦਾ ਦੌਰਾ ਕਰਕੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਕੇਂਦਰੀ ਰੱਖਿਆ ਮੰਤਰੀ ਨੇ ਭਾਜਪਾ ਵਰਕਰਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਜ਼ਬਤ ਵਿੱਚ ਰਹਿਣ ਅਤੇ ਸੀਨੀਅਰ ਆਗੂਆਂ ਦਾ ਸਤਿਕਾਰ ਕਰਨ ਦਾ ਪਾਠ ਪੜ੍ਹਾਇਆ। ਕੇਂਦਰੀ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਅੱਜ ਭਾਰਤ ਇੱਕ ਮਜ਼ਬੂਤ ਦੇਸ਼ ਵਜੋਂ ਉਭਰਿਆ ਹੈ। ਜਦੋਂ ਭਾਰਤ ਕੌਮਾਂਤਰੀ ਮੰਚ ‘ਤੇ ਕੁਝ ਬੋਲਦਾ ਹੈ ਤਾਂ ਪੂਰੀ ਦੁਨੀਆਂ ਕੰਨ ਖੋਲ੍ਹ ਕੇ ਸੁਣਦੀ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਕਲਪਨਾਤਮਕ ਸਮਰੱਥਾ ਬਹੁਤ ਉੱਚੀ ਹੈ। ਇਸੇ ਕਾਰਨ ਅਸੀਂ ਹਰ ਖੇਤਰ ਵਿੱਚ ਤਰੱਕੀ ਹਾਸਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 11ਵੇਂ ਸਥਾਨ ਤੋਂ ਵਧ ਕੇ 5ਵੇਂ ਸਥਾਨ ‘ਤੇ ਪਹੁੰਚ ਗਈ ਹੈ ਅਤੇ ਜਲਦੀ ਹੀ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਵਿੱਚੋਂ ਭਾਰਤੀ ਵਿਦਿਆਰਥੀਆਂ ਨੂੰ ਕੱਢ ਕੇ ਲਿਆਉਣਾ ਇੱਕ ਚਮਤਕਾਰ ਸੀ। ਭਾਰਤ ਹੁਣ ਹਰ ਖੇਤਰ ਵਿੱਚ ਆਤਮ-ਨਿਰਭਰ ਹੋ ਰਿਹਾ ਹੈ ਅਤੇ ਰੱਖਿਆ ਦੇ ਖੇਤਰ ਵਿੱਚ ਵੀ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਸਿਆਸੀ ਹਿਸਾਬ ਨਾਲ ਚੱਲਦੀ ਹੈ, ਸਾਡੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਪਾਰਟੀ ਦੇ ਨਾਲ-ਨਾਲ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਸਾਬਕਾ ਪ੍ਰਧਾਨ ਸੰਜੇ ਟੰਡਨ, ਮੇਅਰ ਅਨੂਪ ਗੁਪਤਾ, ਸੂਬਾ ਜਨਰਲ ਸਕੱਤਰ ਰਾਮਵੀਰ ਭੱਟੀ, ਚੰਦਰਸ਼ੇਖਰ ਤੋਂ ਇਲਾਵਾ ਸਮੂਹ ਸੂਬਾਈ ਅਹੁਦੇਦਾਰ, ਨਾਮਜ਼ਦ ਕੌਂਸਲਰ, ਜ਼ਿਲ੍ਹਾ ਫਰੰਟ ਦੇ ਜਨਰਲ ਸਕੱਤਰ, ਮੰਡਲ ਪ੍ਰਧਾਨ ਅਤੇ ਸਮੂਹ ਸੈੱਲ-ਵਿਭਾਗ ਕੋਆਰਡੀਨੇਟਰ ਹਾਜ਼ਰ ਸਨ।
ਰਾਜਨਾਥ ਸਿੰਘ ਦੀ ਫੇਰੀ ਦੌਰਾਨ ਸ਼ਹਿਰ ਵਿੱਚ ਰਿਹਾ ਜਾਮ
ਚੰਡੀਗੜ੍ਹ (ਟਨਸ): ਚੰਡੀਗੜ੍ਹ ਵਿੱਚ ਸਥਾਪਿਤ ਕੀਤੇ ਗਏ ਭਾਰਤੀ ਹਵਾਈ ਸੈਨਾ ਦੇ ਪਹਿਲੇ ਵਿਰਾਸਤੀ ਕੇਂਦਰ ਦਾ ਉਦਘਾਟਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਪਹੁੰਚੇ। ਜਿਨ੍ਹਾਂ ਵੱਲੋਂ ਸੈਂਟਰ ਫਾਈਰ ਸਾਈਬਰ ਅਪ੍ਰੇਸ਼ਨ ਤੇ ਸੁਰੱਖਿਆ ਅਤੇ ਗਊਸ਼ਾਲਾ ਦਾ ਉਦਘਾਟਨ ਕੀਤੇ। ਇਸ ਤੋਂ ਇਲਾਵਾ ਸੈਕਟਰ-46 ਦੇ ਕਾਲਜ ਅਤੇ ਪੈੱਕ ਦੇ ਹੋਸਟਲ ਦਾ ਨੀਂਹ ਪੱਥਰ ਰੱਖਿਆ। ਕੇਂਦਰੀ ਰੱਖਿਆ ਮੰਤਰੀ ਦੀ ਆਮਦ ਕਰਕੇ ਸ਼ਹਿਰ ਵਿੱਚ ਦਿਨ ਭਾਰ ਜਾਮ ਲੱਗਿਆ ਰਿਹਾ, ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਰੱਖਿਆ ਮੰਤਰੀ ਸਿਟੀ ਬਿਊਟੀਫੁੱਲ ਵਿੱਚ ਸਵੇਰੇ 10.30 ਵਜੇ ਦੇ ਕਰੀਬ ਪਹੁੰਚੇ ਅਤੇ ਸ਼ਾਮ 5 ਵਜੇ ਤੱਕ ਸ਼ਹਿਰ ਵਿੱਚ ਰਹੇ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਚਲੱਦਿਆਂ ਸ਼ਹਿਰ ਦੀਆਂ ਕਈ ਸੜਕਾਂ ਤੋਂ ਆਵਾਜਾਈ ਬੰਦ ਕਰਕੇ ਰੂਟ ਬਦਲ ਦਿੱਤਾ। ਇਸ ਦੌਰਾਨ ਲੋਕਾਂ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਜਾਮ ਵਿੱਚ ਫਸਣਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਾਸਰ ਕੇਂਦਰੀ ਰੱਖਿਆ ਮੰਤਰੀ ਦੀ ਆਮਦ ‘ਤੇ ਪੁਲੀਸ ਨੇ ਏਅਰ ਪੋਰਟ ਲਾਈਟ ਪੁਆਇੰਟ ਤੋਂ ਸੈਕਟਰ-17/18 ਵਾਲੇ ਲਾਈਟ ਪੁਆਇੰਟ ਤੱਕ ਸੜਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ। ਇਸੇ ਤਰ੍ਹਾਂ ਸ਼ਾਮ ਨੂੰ ਪਿੰਡ ਰਾਏਪੁਰ ਕਲਾਂ ਵਿੱਚ ਸਮਾਗਮ ਕਰਕੇ ਵੀ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸੈਕਟਰ-33 ਸਥਿਤ ਭਾਜਪਾ ਦਫ਼ਤਰ ਵਿਖੇ ਸਮਾਗਮ ਦੇ ਚਲਦਿਆਂ ਮੁੜ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਪੁਲੀਸ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਬੰਦ ਕਰਨ ਕਰਕੇ ਸਾਰੀਆਂ ਸੜਕਾਂ ਹੀ ਜਾਮ ਹੋ ਗਈਆਂ, ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਧਰ ਚੰਡੀਗੜ੍ਹ ਪੁਲੀਸ ਦੇ ਜ਼ਿਆਦਾਤਰ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਵਿੱਚ ਲੱਗੇ ਹੋਣ ਕਰਕੇ ਵੀ ਸ਼ਹਿਰ ਦੀਆਂ ਸੜਕਾਂ ‘ਤੇ ਜਾਮ ਖੁੱਲ੍ਹਵਾਉਣ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ।
ਕੇਂਦਰੀ ਰੱਖਿਆ ਮੰਤਰੀ ਵੱਲੋਂ ਅਤਿਆਧੁਨਿਕ ਗਊਸ਼ਾਲਾ ਦਾ ਉਦਘਾਟਨ
ਚੰਡੀਗੜ੍ਹ (ਮੁਕੇਸ਼ ਕੁਮਾਰ): ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਇੱਥੋਂ ਦੇ ਪਿੰਡ ਰਾਏਪੁਰ ਕਲਾਂ ਵਿੱਚ ਨਗਰ ਨਿਗਮ ਵੱਲੋਂ ਬਣਾਈ ਗਈ ਅਤਿਆਧੁਨਿਕ ਗਊਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਾਜਨਾਥ ਨੇ ਕਿਹਾ ਕਿ ਗਊਸ਼ਾਲਾ ਗਊਆਂ ਪ੍ਰਤੀ ਸਾਡੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਹੈ, ਜੋ ਕਿ ਸਾਡੇ ਸੱਭਿਆਚਾਰ ਅਤੇ ਪਰੰਪਰਾ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਨਗਰ ਨਿਗਮ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਗਰ ਨਿਗਮ ਦੀ ਇਸ ਪਹਿਲਕਦਮੀ ਨਾਲ ਨਾ ਸਿਰਫ਼ ਗਊਆਂ ਨੂੰ ਫਾਇਦਾ ਹੋਵੇਗਾ ਸਗੋਂ ਹੋਰ ਸ਼ਹਿਰਾਂ ਲਈ ਵੀ ਇਹ ਇੱਕ ਨਮੂਨੇ ਦਾ ਕੰਮ ਕਰੇਗੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਆਪਣੇ ਸੰਬੋਧਨ ਦੌਰਾਨ ਪਸ਼ੂ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਗਊਸ਼ਾਲਾ ਸ਼ਹਿਰ ਵਿੱਚ ਗਊਆਂ ਦੀ ਸੰਭਾਲ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਗਊਆਂ ਲਈ ਸੁਰੱਖਿਅਤ ਅਤੇ ਸਾਫ਼ ਵਾਤਾਵਰਣ ਪ੍ਰਦਾਨ ਕਰਨ ਲਈ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਰਾਏਪੁਰ ਕਲਾਂ ਵਿੱਚ ਬਣਾਈ ਗਈ ਲਗਪਗ ਚਾਰ ਏਕੜ ਵਿੱਚ ਫੈਲੀ 1000 ਦੇ ਲਗਪਗ ਗਊਆਂ ਰੱਖਣ ਦੀ ਸਮਰੱਥਾ ਵਾਲੀ ਗਊਸ਼ਾਲਾ ਵਿੱਚ ਗਊਆਂ ਦੀ ਸਾਂਭ-ਸੰਭਾਲ ਦੇ ਪ੍ਰਬੰਧਾਂ ਬਾਰੇ ਚਾਨਣਾ ਪਾਇਆ। ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਆਮ ਲੋਕਾਂ ਦਾ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।