ਜ਼ਹਿਰੀਲੀ ਰੋਟੀਆਂ: ਮਨਪ੍ਰੀਤ ਬਾਦਲ ਨੇ ਪਰਿਵਾਰ ਨਾਲ ਦੁੱਖ ਵੰਡਾਇਆ
ਪੱਤਰ ਪ੍ਰੇਰਕ
ਗਿੱਦੜਬਾਹਾ, 16 ਜੂਨ
ਪਿੰਡ ਗੁਰੂਸਰ ’ਚ ਨੂੰਹ ਵੱਲੋਂ ਆਪਣੇ ਸਹੁਰਾ ਪਰਿਵਾਰ ਨੂੰ ਜ਼ਹਿਰ ਵਾਲੀਆਂ ਰੋਟੀਆਂ ਖਵਾਉਣ ਕਾਰਨ ਪਤੀ ਸ਼ਿਵਤਾਰ ਸਿੰਘ ਤੇ ਸੱਸ ਜਸਵਿੰਦਰ ਕੌਰ ਦੀ ਮੌਤ ’ਤੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਪਰਿਵਾਰ ਨਾ ਹਮਦਰਦੀ ਪ੍ਰਗਟ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਵਿਆਹੀ ਨੂੰਹ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਮੰਦਭਾਗਾ ਹੈ ਅਤੇ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਪੀੜਤ ਸੁਰਜੀਤ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਕੀਤੀ।
ਇਸ ਮੌਕੇ ਗੁਰੂਸਰ ਦੇ ਸਾਬਕਾ ਸਰਪੰਚ ਬੇਅੰਤ ਸਿੰਘ, ਹਰਜੀਤ ਸਿੰਘ ਨੀਲਾ ਮਾਨ ਤੇ ਪੱਪੀ ਚਹਿਲ, ਮਾਸਟਰ ਰਣਜੀਤ ਸਿੰਘ, ਸਤਨਾਮ ਸਿੰਘ, ਹਰਬੰਸ ਸਿੰਘ ਸੱਗੂ ਦਫ਼ਤਰ ਇੰਚਾਰਜ ਤੇ ਬਾਂਕੇ ਲਾਲ ਆਦਿ ਸਮੇਤ ਕਈ ਪਾਰਟੀ ਵਰਕਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਹਿਰ ਵਾਲੀਆਂ ਰੋਟੀਆਂ ਖਾਣ ਕਾਰਨ ਸ਼ਿਵਤਾਰ ਸਿੰਘ ਤੇ ਉਸ ਦੀ ਮਾਤਾ ਜਸਵਿੰਦਰ ਕੌਰ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਗਿੱਦੜਬਾਹਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।