ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਹੋਵੇ: ਉਗਰਾਹਾਂ
05:59 AM May 24, 2025 IST
ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਬੀਕੇਯੂ ਏਕਤਾ (ਉਗਰਾਹਾਂ) ਨੇ ਖੇਤ ਮਜ਼ਦੂਰਾਂ ਦੇ ਸੰਘਰਸ਼ ਦੇ ਹੱਕ ਨੂੰ ਕੁਚਲਣ ਦੀ ਨਿਖੇਧੀ ਕਰਦਿਆਂ ਜੇਲ੍ਹੀਂ ਡੱਕੇ ਖੇਤ ਮਜ਼ਦੂਰਾਂ ਨੂੰ ਰਿਹਾਅ ਕਰਨ ਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰ ਕੇ ਵਾਧੂ ਬਚਦੀ ਜ਼ਮੀਨ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਵੰਡਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਗਰੂਰ ਨੇੜੇ ਪਈ ਜੀਂਦ ਦੇ ਰਾਜੇ ਦੀ ਜ਼ਮੀਨ ਦੀ ਵੰਡ ਖੇਤ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਵਿੱਚ ਕਰਨ ਦੀ ਮੰਗ ਵਾਜਬ ਹੈ। ਇਸ ਮੰਗ ਲਈ ਆਵਾਜ਼ ਉਠਾ ਰਹੇ ਖੇਤ ਮਜ਼ਦੂਰਾਂ ਨੂੰ ਜੇਲ੍ਹੀਂ ਡੱਕਣਾ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਤੇ ਬਹੁਤ ਸਾਰੀ ਫ਼ਾਲਤੂ ਜ਼ਮੀਨ ਅਣਵੰਡੀ ਪਈ ਹੈ। ਸਰਕਾਰਾਂ ਦੇ ਆਗੂਆਂ, ਅਫ਼ਸਰਸ਼ਾਹੀ ਤੇ ਰਾਜ-ਭਾਗ ਵਿੱਚ ਅਸਰ ਰਸੂਖ ਵਾਲੇ ਲੋਕਾਂ ਕੋਲ ਸੈਂਕੜੇ ਏਕੜ ਜ਼ਮੀਨਾਂ ਹਨ ਜਦੋਂਕਿ ਬੇਜ਼ਮੀਨੇ ਕਿਸਾਨ ਤੇ ਖੇਤ ਮਜ਼ਦੂਰ ਗੁਜ਼ਾਰੇ ਜੋਗੀ ਜ਼ਮੀਨ ਨੂੰ ਤਰਸ ਰਹੇ ਹਨ।
Advertisement
Advertisement