ਜ਼ਮੀਨ ਐਕੁਆਇਰ ਦੇ ਇਤਰਾਜ਼ ਫਾਰਮ ਭਰਨ ਸਬੰਧੀ ਹੈਲਪਲਾਈਨ ਨੰਬਰ ਜਾਰੀ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 7 ਜੂਨ
ਜ਼ਿਲ੍ਹੇ ਦੇ 32 ਪਿੰਡਾਂ ਦੀ ਚੌਵੀ ਹਜ਼ਾਰ ਏਕੜ ਤੋਂ ਵਧੇਰੇ ਜ਼ਮੀਨ ਐਕੁਆਇਰ ਕਰਨ ਦੇ ਚੱਲ ਰਹੇ ਵਿਰੋਧ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਅੱਜ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ। ਹਲਕਾ ਦਾਖਾ ਦੇ ਸੀਨੀਅਰ ਅਕਾਲੀ ਆਗੂ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜ਼ਮੀਨ ਐਕੁਆਇਰ ਮਾਮਲੇ ਵਿੱਚ ਹਲਕਾ ਦਾਖਾ ਦੇ ਕਿਸਾਨਾਂ ਲਈ ਹੈਲਪਲਾਈਨ ਨੰਬਰ 98140-00004 ਜਾਰੀ ਕੀਤਾ ਹੈ ਤਾਂ ਜੋ ਹਲਕਾ ਦਾਖਾ ਦੇ ਪ੍ਰਭਾਵਿਤ ਪਿੰਡਾਂ ਦੇ ਵਿੱਚ ਇਤਰਾਜ਼ ਦੇ ਰੂਪ ਵਿੱਚ ਹਲਫੀਆ ਬਿਆਨ ਭਰੇ ਜਾ ਸਕਣ।
ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਈਸੇਵਾਲ ਜ਼ੋਨ ਦੇ ਪਿੰਡਾਂ ਵਿੱਚ ਫਾਰਮ ਭੇਜੇ ਜਾਣ ਦੇ ਨਾਲ ਹੀ ਦੂਜੇ ਪਿੰਡਾਂ ਕ੍ਰਮਵਾਰ ਬੱਦੋਵਾਲ ਜ਼ੋਨ, ਮੁੱਲਾਂਪੁਰ ਜ਼ੋਨ, ਜੋਧਾਂ ਜ਼ੋਨ, ਲਤਾਲਾ ਜ਼ੋਨ ਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਫਾਰਮ ਜਲਦੀ ਭੇਜੇ ਜਾਣਗੇ। ਜਸਕਰਨ ਦਿਓਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਲਾਕੇ ਦੇ ਖੇਤੀਬਾੜੀ ਮਾਹਿਰ ਸੁਖਪਾਲ ਸਿੰਘ ਸੇਖੋਂ ਸਾਬਕਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੀਆਂ ਖੇਤੀ ਸਬੰਧੀ ਤਕਨੀਕੀ ਪਹਿਲੂ ਅਤੇ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਦੀਆਂ ਕਾਨੂੰਨੀ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੈਂਡ ਪੂਲਿੰਗ ਤੋਂ ਹੋਣ ਵਾਲੇ ਉਜਾੜੇ ਅਤੇ ਮਾਲੀ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਆਗੂ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਕ ਫੀਡਬੈਕ ਪਹੁੰਚਾਈ ਜਾਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਤੂਰ, ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਗੁਰਿੰਦਰ ਸਿੰਘ ਰੂਮੀ, ਦਲਬੀਰ ਸਿੰਘ ਲਤਾਲਾ, ਚਮਕੌਰ ਸਿੰਘ ਉੱਭੀ, ਚਮਕੌਰ ਸਿੰਘ ਭਰੋਵਾਲ ਮੌਜੂਦ ਸਨ।