ਜ਼ਮੀਨੀ ਵਿਵਾਦ: ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਮੁਜ਼ਾਹਰਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਜੂਨ
ਪਿੰਡ ਭੂੰਡਥੇਹ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਲੱਗੀ ਅੱਗ ਵਿੱਚ ਝੁਲਸੇ ਵਿਅਕਤੀ ਦੀ ਪੀਜੀਆਈ ਵਿਖੇ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕੇਸ ਦਰਜ ਕੀਤੇ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਮ੍ਰਿਤਕ ਦੀ ਲਾਸ਼ ਰੱਖ ਕੇ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੌਕੇ ਉੱਤੇ ਪਹੁੰਚੇ ਪੁਲੀਸ ਥਾਣਾ ਸ਼ੁਤਰਾਣਾ ਦੇ ਇੰਚਾਰਜ ਜਸਪਾਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰੱਖਣ ਦੀ ਆਪਣੀ ਜ਼ਿੱਦ ਉੱਤੇ ਅੜੇ ਰਹੇ।
ਮ੍ਰਿਤਕ ਦੇ ਪੁੱਤਰ ਜਸਕਰਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਾਏ ਕੁਲਵਿੰਦਰ ਸਿੰਘ ਨੇ ਉਨ੍ਹਾਂ ਦੇ ਪਿਤਾ ਦੇ ਕਾਗਜ਼ਾਂ ਉੱਤੇ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ ਅਤੇ ਸੇਵਾ ਮੁਕਤ ਹੋਣ ਮਗਰੋਂ ਪਿੰਡ ਆ ਕੇ ਉਨ੍ਹਾਂ ਦੇ ਪਿਤਾ ਦੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਤਿਆਰ ਕਰਕੇ ਉਨ੍ਹਾਂ ਦੀ ਜ਼ਮੀਨ ਦੀ ਵਸੀਅਤ ਆਪਣੇ ਪੁੱਤਰ ਦੇ ਨਾਮ ਕਰ ਦਿੱਤੀ। ਇਸ ਦਾ ਪਤਾ ਲੱਗਣ ’ਤੇ ਉਨ੍ਹਾਂ ਕਈ ਪੰਚਾਇਤਾਂ ਕੀਤੀਆਂ ਪਰ ਕੁਲਵਿੰਦਰ ਸਿੰਘ ਬਜ਼ਿੱਦ ਰਿਹਾ ਜਿਸ ਮਗਰੋਂ ਉਨ੍ਹਾਂ ਦਾ ਸਾਲ 2018 ਤੋਂ ਜ਼ਮੀਨ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਵਿਰੋਧੀ ਧਿਰ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਆਈ, ਵਿਰੋਧ ਕਰਨ ਤੇ ਉਨ੍ਹਾਂ ਸੁਖਦੇਵ ਸਿੰਘ ਉੱਤੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਸ਼ੁਤਰਾਣਾ ਪੁਲੀਸ ਵੱਲੋਂ ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਵਾਸੀਆਨ ਭੂੰਡਥੇਹ, ਜਸਵੀਰ ਸਿੰਘ, ਉਸਦੇ ਲੜਕਾ, ਗੁਰਪ੍ਰੀਤ ਸਿੰਘ, ਰਾਜੂ ਵਾਸੀਆਨ ਕਰਤਾਰਪੁਰਾ ਅਤੇ ਸਾਹਿਬ ਸਿੰਘ ਵਾਸੀ ਖੇੜੀ ਗੁਲਾਮ ਕੈੱਥਲ ਹਰਿਆਣਾ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰੀ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਪੁਲੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਉਨੀ ਦੇਰ ਤੱਕ ਉਹ ਧਰਨਾ ਜਾਰੀ ਰੱਖਣਗੇ। ਇਸ ਮੌਕੇ ਜੋਗਾ ਸਿੰਘ ਜੈਖਰ, ਭੋਲਾ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਕੌਰ, ਸਰਬਜੀਤ ਕੌਰ ਅਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਕੁਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਲਈ ਆਇਆ ਸੀ। ਇਸੇ ਦੌਰਾਨ ਜਸਵੀਰ ਸਿੰਘ, ਅਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਸੁਖਦੇਵ ਸਿੰਘ ਨੂੰ ਫੜ ਲਿਆ ਤੇ ਸਾਹਿਬ ਸਿੰਘ ਨੂੰ ਰਾਜੂ ਨੇ ਕਿਹਾ ਕਿ ਇਸ ਨੂੰ ਅੱਗ ਲਾ ਦਿਓ, ਜਸਬੀਰ ਸਿੰਘ ਦੇ ਬੇਟੇ ਤੇ ਭਾਣਜੇ ਨੇ ਉਸ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਉਹ ਝੁਲਸ ਗਿਆ ਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।
ਪੁਲੀਸ ਵੱਲੋਂ ਸੱਤ ਨਾਮਜ਼ਦ, ਗ੍ਰਿਫ਼ਤਾਰੀ ਬਾਕੀ: ਡੀਐੱਸਪੀ
ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਹੈ ਕਿ ਘਟਨਾ ਨੂੰ ਲੈ ਕੇ ਪੁਲੀਸ ਵੱਲੋਂ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ। ਪੀੜਤ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਲਈ ਬਦਲੀ ਸਥਿਤੀ ਮੁਤਾਬਕ ਦਰਜ ਕੀਤੇ ਗਏ ਕੇਸ ਵਿੱਚ ਹੋਰ ਧਾਰਾਵਾਂ ਦਾ ਵਾਧਾ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।