ਜ਼ਮੀਨੀ ਵਿਵਾਦ ਦੌਰਾਨ ਕੁੱਟ-ਕੁੱਟ ਵਿਅਕਤੀ ਦਾ ਕਤਲ
ਮੁਕੰਦ ਸਿੰਘ ਚੀਮਾ
ਸੰਦੌੜ, 16 ਮਈ
ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਜਲਵਾਣਾ ਵਿੱਚ ਬੀਤੇ ਦਿਨ ਜ਼ਮੀਨੀ ਝਗੜੇ ਦੌਰਾਨ ਇਕ ਵਿਅਕਤੀ ਦੀ ਕੀਤੀ ਗਈ ਕੁੱਟਮਾਰ ਮਗਰੋਂ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਉਰਫ ਗੇਲੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਗੇਲੀ ਝਗੜੇ ਵਾਲੀ ਮੋਟਰ ’ਤੇ ਆਪਣੇ ਇਕ ਸਾਥੀ ਮਨਪ੍ਰੀਤ ਸਿੰਘ ਕਾਲਾ ਦੇ ਨਾਲ ਬੈਠਾ ਸੀ ਤਾਂ ਉਸ ਨੂੰ ਉੱਥੇ ਪਿੰਡ ਦੇ ਹੀ 6 ਵਿਅਕਤੀਆਂ ਨੇ ਘੇਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਜ਼ਖ਼ਮੀ ਦਿੱਤਾ। ਮੁਲਜ਼ਮਾਂ ਨੇ ਉਸ ਨੂੰ ਜ਼ਖ਼ਮੀ ਹਾਲਤ ’ਚ ਨਹਿਰ ਦੇ ਕੋਲ ਸੁੱਟ ਦਿੱਤਾ ਤੇ ਫਰਾਰ ਹੋ ਗਏ। ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਪਏ ਗੁਰਮੇਲ ਸਿੰਘ ਗੇਲੀ ਅਤੇ ਉਸ ਦੇ ਸਾਥੀ ਨੂੰ ਮਾਲੇਰਕੋਟਲਾ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਣ ਕਰ ਕੇ ਗੁਰਮੇਲ ਸਿੰਘ ਗੇਲੀ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸੰਦੌੜ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਦੇ ਬਿਆਨਾਂ ’ਤੇ ਜਸਪ੍ਰੀਤ ਸਿੰਘ ਜੱਸੀ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਅਰਸ਼ਦੀਪ ਸਿੰਘ, ਬਲਜੋਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਸੰਦੌੜ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਜੱਸੂ ਨੂੰ ਗ੍ਰਿਫਤਾਰ ਕਰ ਲਿਆ ਹੈ।