ਜ਼ਮੀਨੀ ਵਿਵਾਦ ਕਾਰਨ ਪੁੱਤ ਵੱਲੋਂ ਪਿਓ ਦਾ ਕਤਲ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 12 ਮਈ
ਜ਼ਮੀਨੀ ਵਿਵਾਦ ਕਾਰਨ ਪੁੱਤ ਨੇ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਗੁਰੂਸਰ ਵਜੋਂ ਹੋਈ ਹੈ, ਜਿਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮੁਲਜ਼ਮ ਪੁੱਤ ਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਐੱਸਪੀ (ਤਲਵੰਡੀ ਸਾਬੋ) ਨੇ ਦੱਸਿਆ ਕਿ ਕੱਲ੍ਹ ਸੁਖਵਿੰਦਰ ਕੌਰ ਨੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਸੀ ਕਿ ਜ਼ਮੀਨੀ ਵਿਵਾਦ ਕਾਰਨ ਉਨ੍ਹਾਂ ਦੇ ਪੁੱਤਰ ਅਮਨਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪਤੀ ਦਵਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਪੁਲੀਸ ਨੇ ਅਮਨਿੰਦਰ ਸਿੰਘ ਵਾਸੀ ਗੁਰੂਸਰ, ਉਸ ਦੇ ਸਾਥੀਆਂ ਤਰਲੋਕ ਸਿੰਘ ਤੇ ਹੈਮਲੀ ਸਿੰਘ (ਦੋਵੇਂ ਵਾਸੀ ਭਾਗੀਵਾਂਦਰ) ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਅੱਜ ਦਵਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਮਗਰੋਂ ਹੁਣ ਮੁਲਜ਼ਮਾਂ ਖ਼ਿਲਾਫ਼ ਦਰਜ ਮਾਮਲੇ ਵਿੱਚ ਧਾਰਾਵਾਂ ਵਿੱਚ ਵਾਧਾ ਕਰ ਕੇ ਉਨ੍ਹਾਂ ਨੂੰ ਫੜਨ ਲਈ ਛਾਪਾ ਮਾਰਿਆ ਜਾ ਰਿਹਾ ਹੈ।