ਜ਼ਮੀਨੀ ਝਗੜੇ ਦੇ ਮਾਮਲੇ ’ਚ ਪਿਤਾ ਨੂੰ ਇੱਟਾਂ ਮਾਰ ਕੇ ਮਾਰਿਆ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 5 ਅਗਸਤ
ਪਿੰਡ ਬਲਬੇਹੜਾ ਵਿੱਚ ਜ਼ਮੀਨੀ ਵਿਵਾਦ ਕਾਰਨ ਪੁੱਤਰ ਨੇ ਆਪਣੇ ਪਿਤਾ ਦੀ ਸਿਰ ਵਿੱਚ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਫੇ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਪਾਲਾ ਰਾਮ ਦਾ ਵਿਆਹ ਨਹੀਂ ਸੀ ਹੋ ਰਿਹਾ ਅਤੇ ਉਸ ਦੀ ਉਮਰ ਲਗਪਗ 42 ਸਾਲ ਦੇ ਹੋ ਚੁੱਕੀ ਸੀ। ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿ ਜੇਕਰ ਉਨ੍ਹਾਂ ਦੀ ਜੱਦੀ ਜ਼ਮੀਨ ਦੀ ਵੰਡ ਹੋ ਜਾਵੇ ਤਾਂ ਜ਼ਮੀਨ ਦੇ ਦਮ ’ਤੇ ਉਸ ਦਾ ਵਿਆਹ ਹੋ ਸਕਦਾ ਹੈ। ਇਹ ਵੀ ਪਤਾ ਲੱਗਾ ਕਿ ਉਸ ਦਾ ਪਿਤਾ ਜ਼ਮੀਨ ਦੀ ਵੰਡ ਨਹੀਂ ਸੀ ਕਰ ਰਿਹਾ, ਜਿਸ ਦੇ ਚੱਲਦੇ ਪਾਲਾ ਰਾਮ ਨਾਰਾਜ਼ ਸੀ ਅਤੇ ਉਕਤ ਮੁੱਦੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੋਵਾਂ ਵਿੱਚ ਤਕਰਾਰ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਪਾਲਾ ਰਾਮ ਦੇ ਵੱਡੇ ਭਰਾ ਦਾ ਮੁੰਡਾ ਕਮਰੇ ਵਿੱਚ ਚਾਹ ਦੇਣ ਆਇਆ ਤਾਂ ਉਸ ਨੇ ਆਪਣੇ ਦਾਦਾ ਨੂੰ ਮਰਿਆ ਹੋਇਆ ਪਾਇਆ ਅਤੇ ਰੌਲਾ ਪਾ ਦਿੱਤਾ ਜਿਸ ਦੇ ਬਾਅਦ ਪਰਿਵਾਰ ਦੇ ਹੋਰ ਲੋਕ ਉੱਥੇ ਇਕੱਠੇ ਹੋ ਗਏ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਉਹ ਫਰਾਰ ਹੈ। ਇਸ ਸਬੰਧ ਵਿੱਚ ਚੀਕਾ ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।