ਜ਼ਮੀਨਾਂ ਸਲਾਹ ਨਾਲ ਐਕੁਆਇਰ ਕਰਨ ਦੀ ਗੱਲ ਕੋਰਾ ਝੂਠ ਕਰਾਰ
ਜਸਬੀਰ ਸ਼ੇਤਰਾ
ਜਗਰਾਉਂ, 30 ਮਈ
ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਲਾਉਣ ਖ਼ਿਲਾਫ਼ ਪਿਛਲੇ ਸਾਲ ਸ਼ੁਰੂ ਹੋਇਆ ਮੋਰਚਾ ਹਾਲੇ ਵੀ ਜਾਰੀ ਹੈ। ਇਸ ਮੋਰਚੇ ਦੌਰਾਨ ਇਕੱਠੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੈਸ ਫੈਕਟਰੀਆਂ ਨਸਲਾਂ ਤੇ ਫ਼ਸਲਾਂ ਲਈ ਨੁਕਸਾਨਦੇਹ ਹਨ, ਇਸ ਲਈ ਇਨ੍ਹਾਂ ਨੂੰ ਪੱਕੇ ਤੌਰ ’ਤੇ ਜਿੰਦਰੇ ਮਾਰਨੇ ਚਾਹੀਦੇ ਹਨ। ਲੁਧਿਆਣਾ ਵਿਖੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਨ੍ਹਾਂ ਮੰਗ ਕੀਤੀ ਕਿ ਇਕ ਪਾਸੇ ਉਹ ਜ਼ਮੀਨਾਂ ਐਕੁਆਇਰ ਕਰਨ ਸਮੇਤ ਹਰ ਕੰਮ ਲੋਕਾਂ ਤੋਂ ਪੁੱਛ ਕੇ ਕਰਨ ਦੀ ਗੱਲ ਕਰਦੇ ਹਨ।
ਦੂਜੇ ਪਾਸੇ ਭੂੰਦੜੀ ਤੇ ਅਖਾੜਾ ਸਮੇਰ ਹੋਰਨਾਂ ਥਾਵਾਂ ’ਤੇ ਸਾਰੇ ਪਿੰਡ ਦੇ ਵਿਰੋਧ ਵਿੱਚ ਸੜਕਾਂ ’ਤੇ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟ ਰਹੀ। ਉਨ੍ਹਾਂ ਕਿਹਾ ਕਿ ਲੋਕ ਤਾਂ ਹੀ ਮੁੱਖ ਮੰਤਰੀ ਦੀ ਗੱਲ ਸੱਚ ਮੰਨਣਗੇ ਜੇਕਰ ਉਹ ਪਹਿਲਾਂ ਗੈਸ ਫੈਕਟਰੀਆਂ ਬੰਦ ਕਰਨ ਦੇ ਹੁਕਮ ਦੇਣ ਨਹੀਂ ਤਾਂ ਮੰਨਿਆ ਜਾਵੇਗਾ ਕਿ ਜ਼ਮੀਨਾਂ ਮਾਲਕਾਂ ਤੋਂ ਪੁੱਛ ਕੇ ਤੇ ਸਲਾਹ ਕਰਕੇ ਐਕੁਆਇਰ ਦੀ ਗੱਲ ਉਹ ਸਿਰਫ ਗੁੰਮਰਾਹ ਕਰਨ ਲਈ ਕਰਦੇ ਹਨ। ਤਾਲਮੇਲ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਤੇ ਸ਼ੰਘਰਸ਼ ਕਮੇਟੀ ਭੂੰਦੜੀ ਦੇ ਆਗੂ ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਮਰੀਕ ਸਿੰਘ ਰਾਮਾ, ਸਤਵੰਤ ਸਿੰਘ ਸਿਵੀਆ ਤੇ ਜਸਵੀਰ ਸਿੰਘ ਸੀਰਾ ਨੇ ਕਿਹਾ ਕਿ ਦੋ ਜੂਨ ਨੂੰ ਪੁਲੀਸ ਜਬਰ ਖ਼ਿਲਾਫ਼ ਜਗਰਾਉਂ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਵਿੱਚ ਉਹ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਵੀ ਗੈਸ ਫੈਕਟਰੀਆਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ।
ਧਰਨੇ ਨੂੰ ਕਿਸਾਨ ਆਗੂ ਰਘਵੀਰ ਸਿੰਘ ਬੈਨੀਪਾਲ, ਲਛਮਣ ਸਿੰਘ ਕੂਮ ਕਲਾਂ, ਸੁਖਵਿੰਦਰ ਸਿੰਘ ਹੰਬੜਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਥਾਂ ਥਾਂ ਸੰਘਰਸ਼ ਕਰ ਰਹੇ ਲੋਕਾਂ 'ਤੇ ਭਗਵੰਤ ਮਾਨ ਸਰਕਾਰ ਦੀ ਪੁਲੀਸ ਵਲੋਂ ਅੰਨ੍ਹਾ ਜਬਰ ਢਾਹਿਆ ਜਾ ਰਿਹਾ ਹੈ। ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਆਖਾੜਾ, ਮੁਸ਼ਕਾਬਾਦ, ਭੂੰਦੜੀ, ਭੋਗਪੁਰ ਤੇ ਬੱਗੇ ਕਲਾਂ ਵਿਖੇ ਚੱਲ ਰਹੇ ਸੰਘਰਸ਼ਾਂ ’ਤੇ ਵੀ ਪੁਲੀਸ ਜੁਲਮ ਕਰ ਰਹੀ ਹੈ। ਇਸ ਮੌਕੇ ਸਤਪਾਲ ਸਿੰਘ, ਲਖਬੀਰ ਸਿੰਘ ਹਾਂਸ, ਮਨਜਿੰਦਰ ਸਿੰਘ ਖੇੜੀ, ਸੁਖਦੇਵ ਸਿੰਘ ਬੂਰਾ, ਸਿਕੰਦਰ ਸਿੰਘ ਮੁਕੰਦਪੁਰ, ਸੂਬੇਦਾਰ ਕਾਲਾ ਸਿੰਘ, ਸੂਬੇਦਾਰ ਬਲਵੀਰ ਸਿੰਘ, ਰਛਪਾਲ ਸਿੰਘ ਤੂਰ, ਬਲਦੇਵ ਲਤਾਲਾ, ਜਸਵਿੰਦਰ ਸਿੰਘ ਲਤਾਲਾ ਤੇ ਹੋਰ ਹਾਜ਼ਰ ਸਨ।